ਜੰਮੂ, 5 ਦਸੰਬਰ
ਸੀਪੀਐਮ ਆਗੂ ਐਮ.ਵਾਈ. ਤਰੀਗਾਮੀ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ਵਿਚ ਧਾਰਾ 370 ਦੇ ਲਗਾਤਾਰ ਕਮਜ਼ੋਰ ਹੋਣ ਅਤੇ ਲੋਕਤੰਤਰ ਦੀ ਗੈਰ-ਮੌਜੂਦਗੀ ਨੇ ਲੋਕਾਂ ਨੂੰ ਹਾਸ਼ੀਏ ’ਤੇ ਧੱਕ ਦਿੱਤਾ ਹੈ। ਸਾਬਕਾ ਵਿਧਾਇਕ ਤਰੀਗਾਮੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉਸ ਬਿਆਨ ਦਾ ਹਵਾਲਾ ਦੇ ਰਹੇ ਸਨ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਭਾਵੇਂ ਜੰਮੂ ਕਸ਼ਮੀਰ ਵਿਚ ਧਾਰਾ 370 ਦਹਾਕਿਆਂ ਤੋਂ ਸੀ, ਪਰ ਸ਼ਾਂਤੀ ਨਹੀਂ ਸੀ। ਤਰੀਗਾਮੀ ਨੇ ਟਵਿੱਟਰ ’ਤੇ ਲਿਖਿਆ ਧਾਰਾ 370 ਦੇ ਕਮਜ਼ੋਰ ਹੋਣ ਤੇ ਲੋਕਤੰਤਰ ਨਾ ਹੋਣ ਕਾਰਨ ਸ਼ਾਂਤੀ ਭੰਗ ਹੋਈ ਤੇ ਸਦਭਾਵਨਾ ਦਾ ਮਾਹੌਲ ਵਿਗੜ ਗਿਆ। ਪਰ ਜਦ ਇਸ ਧਾਰਾ ਨੂੰ ਬਿਲਕੁਲ ਹਟਾ ਦਿੱਤਾ ਗਿਆ ਤਾਂ ਸਥਿਤੀ ਹੋਰ ਵੀ ਵਿਗੜ ਗਈ। ਜ਼ਿਕਰਯੋਗ ਹੈ ਕਿ ਸ਼ਾਹ ਨੇ ਕਿਹਾ ਸੀ ਕਿ ਧਾਰਾ 370 ਹਟਾਉਣ ਨਾਲ ਜੰਮੂ ਕਸ਼ਮੀਰ ਵਿਚ ਸ਼ਾਂਤੀ ਆਈ ਹੈ, ਕਾਰੋਬਾਰ, ਸੈਰ-ਸਪਾਟਾ ਤੇ ਨਿਵੇਸ਼ ਵਧਿਆ ਹੈ। -ਪੀਟੀਆਈ