ਕੋਲਕਾਤਾ, 2 ਅਗਸਤ
ਪੱਛਮੀ ਬੰਗਾਲ ਦੇ ਅਮਤਾਲਾ ਖੇਤਰ ਦੀ ਵਸਨੀਕ ਮਹਿਲਾ ਨੇ ਅੱਜ ਤ੍ਰਿਣਮੂਲ ਕਾਂਗਰਸ ਦੇ ਮੁਅੱਤਲ ਆਗੂ ਪਾਰਥ ਚੈਟਰਜੀ ਨੂੰ ਜੁੱਤੀ ਮਾਰਨ ਦੀ ਕੋਸ਼ਿਸ਼ ਕੀਤੀ। ਮਹਿਲਾ ਵੱਲੋਂ ਸੁੱਟੀ ਜੁੱਤੀ ਹਾਲਾਂਕਿ ਉਨ੍ਹਾਂ ਦੇ ਨਹੀਂ ਲੱਗੀ। ਜਦੋਂ ਇਹ ਘਟਨਾ ਵਾਪਰੀ ਈਡੀ ਪਾਰਥ ਚੈਟਰਜੀ ਨੂੰ ਹਸਪਤਾਲ ’ਚੋਂ ਬਾਹਰ ਲੈ ਕੇ ਆ ਰਹੀ ਸੀ। ਜੁੱਤੀ ਸੁੱਟਣ ਵਾਲੀ ਮਹਿਲਾ ਦੀ ਪਛਾਣ ਸ਼ੁਭਰਾ ਘੋਰਈ ਵਜੋਂ ਹੋਈ ਹੈ ਤੇ ਉਹ ਆਪਣੇ ਰਿਸ਼ਤੇਦਾਰ ਦੀ ਮੈਡੀਕਲ ਜਾਂਚ ਲਈ ਹਸਪਤਾਲ ਆਈ ਸੀ।
ਜਾਣਕਾਰੀ ਅਨੁਸਾਰ ਈਡੀ ਅਧਿਕਾਰੀ ਸਾਬਕਾ ਟੀਐੱਮਸੀ ਆਗੂ ਨੂੰ ਮੈਡੀਕਲ ਚੈਕਅੱਪ ਲਈ ਜੋਕਾ ਵਿਚਲੇ ਈਐੱਸਆਈ ਹਸਪਤਾਲ ਲਿਆਈ ਸੀ। ਅਧਖੜ੍ਹ ਉਮਰ ਦੀ ਮਹਿਲਾ ਸ਼ੁਭਰਾ ਘੋਰਈ ਪਾਰਥ ਚੈਟਰਜੀ ਦੀ ਸਹਿਯੋਗੀ ਮਹਿਲਾ ਅਰਪਿਤਾ ਮੁਖਰਜੀ ਦੇ ਘਰੋਂ 50 ਕਰੋੜ ਰੁਪਏ ਦੀ ਨਗ਼ਦੀ ਤੇ ਹੋਰ ਗਹਿਣੇ ਮਿਲਣ ਕਾਰਨ ਗੁੱਸੇ ਵਿੱਚ ਸੀ। ਉਸ ਨੇ ਕਿਹਾ, ‘‘ਮੈਂ ਇਥੇ (ਪਾਰਥ) ਚੈਟਰਜੀ ਨੂੰ ਜੁੱਤੀ ਮਾਰਨ ਲਈ ਆਈ ਸੀ। ਲੋਕਾਂ ਨਾਲ ਧੋਖਾਧੜੀ ਕਰਨ ਮਗਰੋਂ ਉਹ ਏਸੀ ਕਾਰਾਂ ਵਿੱਚ ਸਫ਼ਰ ਕਰ ਰਿਹਾ ਹੈ। ਉਸ ਨੂੰ ਰੱਸੀ ਨਾਲ ਬੰਨ੍ਹ ਕੇ ਧੂਹਣਾ ਚਾਹੀਦਾ ਹੈ…ਮੈਂ ਨੰਗੇ ਪੈਰੀਂ ਘਰ ਜਾਵਾਂਗੀ।’’ -ਪੀਟੀਆਈ
ਮੇਰੀ ਜਾਣਕਾਰੀ ਤੋਂ ਬਿਨਾਂ ਰਿਹਾਇਸ਼ ’ਤੇ ਨਗ਼ਦੀ ਰੱਖੀ: ਅਰਪਿਤਾ ਚੈਟਰਜੀ
ਕੋਲਕਾਤਾ: ਸਾਬਕਾ ਟੀਐੱਮਸੀ ਆਗੂ ਪਾਰਥ ਚੈਟਰਜੀ ਦੀ ਨਜ਼ਦੀਕੀ ਸਹਿਯੋਗੀ ਅਰਪਿਤਾ ਚੈਟਰਜੀ ਨੇ ਅੱਜ ਕਿਹਾ ਕਿ ਈਡੀ ਨੇ ਉਸ ਦੀ ਰਿਹਾਇਸ਼ ਤੋਂ ਕਰੋੜਾਂ ਰੁਪਏ ਦੀ ਜਿਹੜੀ ਨਗ਼ਦੀ ਬਰਾਮਦ ਕੀਤੀ ਹੈ, ਉਹ ਉਸ ਦੀ ਜਾਣਕਾਰੀ ਤੋਂ ਬਿਨਾਂ ਉਥੇ ਰੱਖੀ ਗਈ ਸੀ। ਈਡੀ ਨੇ ਮੁਖਰਜੀ ਦੇ ਦੱਖਣ-ਪੱਛਮੀ ਕੋਲਕਾਤਾ ਤੇ ਬੇਲਘੋਰੀਆ ਵਿਚਲੇ ਦੋ ਫਲੈਟਾਂ ਤੋਂ 50 ਕਰੋੜ ਦੀ ਨਗ਼ਦੀ ਤੇ ਗਹਿਣੇ ਬਰਾਮਦ ਕੀਤੇ ਸਨ। ਚੈਟਰਜੀ ਤੇ ਮੁਖਰਜੀ ਨੂੰ ਅੱਜ ਮੈਡੀਕਲ ਚੈਕਅੱਪ ਲਈ ਈਐੱਸਆਈ ਜੋਕਾ ਲਿਆਂਦਾ ਗਿਆ ਸੀ। -ਪੀਟੀਆਈ