ਲਖਨਊ, 12 ਮਾਰਚ
ਕਾਂਗਰਸ ਪਾਰਟੀ ਦੀਆਂ ਸਟਾਰ ਮਹਿਲਾ ਉਮੀਦਵਾਰਾਂ ਜਿਹੜੀਆਂ ਕਿ ‘ਲੜਕੀ ਹੂੰ, ਲੜ ਸਕਤੀ ਹੂੰ’ ਦੇ ਨਾਅਰੇ ਹੇਠ ਸੰਘਰਸ਼ ਦੇ ਪ੍ਰਤੀਕ ਵਜੋਂ ਚੋਣ ਮੈਦਾਨ ਵਿਚ ਨਿੱਤਰੀਆਂ ਸਨ, ’ਚੋਂ ਤਕਰੀਬਨ ਹਰੇਕ ਨੂੰ 3000 ਤੋਂ ਵੀ ਘੱਟ ਵੋਟਾਂ ਮਿਲੀਆਂ ਹਨ ਅਤੇ ਉਹ ਆਪਣੀਆਂ ਜ਼ਮਾਨਤਾਂ ਵੀ ਨਹੀਂ ਬਚਾਅ ਸਕੀਆਂ।
ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੇ 40 ਫ਼ੀਸਦ ਟਿਕਟਾਂ ਮਹਿਲਾ ਉਮੀਦਵਾਰਾਂ ਨੂੰ ਦੇਣ ਦੇ ਵਾਅਦੇ ਤਹਿਤ ਕਾਂਗਰਸ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੌਰਾਨ 148 ਮਹਿਲਾਵਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ, ਜਿਨ੍ਹਾਂ ਵਿੱਚੋਂ ਸਿਰਫ਼ ਇਕ ਉਮੀਦਵਾਰ ਅਰਾਧਨਾ ਮਿਸ਼ਰਾ ਮੋਨਾ ਨੇ ਜਿੱਤ ਹਾਸਲ ਕੀਤੀ ਹੈ। ਉਨਾਓ ਸਦਰ ਸੀਟ ਤੋਂ ਕਾਂਗਰਸ ਨੇ ਜਬਰ-ਜਨਾਹ ਪੀੜਤਾ ਦੀ ਮਾਂ ਆਸ਼ਾ ਦੇਵੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ। ਸਭ ਤੋਂ ਪੁਰਾਣੀ ਸਿਆਸੀ ਪਾਰਟੀ ਨੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਸੱਦੇ ਆਪਣੇ ਵਰਕਰਾਂ ਦੀ ਟੀਮ ਉਸ ਦੇ ਪ੍ਰਚਾਰ ਵਿਚ ਲਗਾਈ ਹੋਈ ਸੀ। ਹਾਲਾਂਕਿ, ਆਸ਼ਾ ਦੇਵੀ ਨੂੰ ਸਿਰਫ਼ 1555 ਵੋਟਾਂ ਹੀ ਮਿਲੀਆਂ ਹਨ। ਆਸ਼ਾ ਦੇਵੀ ਦੀ ਚੋਣਾਂ ਵਿਚ ਹੋਈ ਹਾਰ ਸਬੰਧੀ ਉਸ ਦੀ ਧੀ ਨੇ ਗੱਲਬਾਤ ਦੌਰਾਨ ਕਿਹਾ, ‘‘ਮੇਰੀ ਮਾਂ ਚੋਣ ਜ਼ਰੂਰ ਹਾਰ ਗਈ ਹੈ ਪਰ ਅਸੀਂ ਔਰਤਾਂ ਅਤੇ ਪੀੜਤਾਂ ਦੇ ਸੰਘਰਸ਼ ਨੂੰ ਸਮਰਥਨ ਦੇਣਾ ਚਾਹੁੰਦੇ ਹਾਂ ਅਤੇ ਉਨ੍ਹਾਂ ਦੀ ਆਵਾਜ਼ ਬਣਨਾ ਚਾਹੁੰਦੇ ਹਾਂ। ਅਸੀਂ ਪਿੱਛੇ ਨਹੀਂ ਹਟਾਂਗੇ।’’ ਉਸ ਨੇ ਕਿਹਾ ਕਿ ਇਸ ਵਾਰ ਉਹ ਖ਼ੁਦ ਚੋਣਾਂ ਵਿਚ ਖੜ੍ਹੀ ਨਹੀਂ ਹੋ ਸਕੀ ਕਿਉਂਕਿ ਉਹ ਛੋਟੀ ਸੀ, ਜਿਸ ਕਰ ਕੇ ਕਾਂਗਰਸ ਨੇ ਉਸ ਦੀ ਮਾਂ ਨੂੰ ਚੋਣਾਂ ਵਿਚ ਖੜ੍ਹਾ ਕੀਤਾ। ਉਸ ਨੇ ਕਿਹਾ, ‘‘2027 ਵਿਚ ਮੈਂ ਖ਼ੁਦ ਚੋਣ ਲੜਾਂਗੀ। ਮੈਂ ਤਿਆਰੀ ਸ਼ੁਰੂ ਕਰ ਚੁੱਕੀ ਹਾਂ।’’ ਇਸੇ ਤਰ੍ਹਾਂ ਕਾਂਗਰਸ ਨੇ ਨਾਗਰਿਕ ਸੋਧ ਕਾਨੂੰਨ ਅਤੇ ਕੌਮੀ ਨਾਗਰਿਕਤਾ ਰਜਿਸਟਰ ਖ਼ਿਲਾਫ਼ ਸੰਘਰਸ਼ ਦੌਰਾਨ ਜੇਲ੍ਹ ਕੱਟਣ ਵਾਲੀ ਸਦਾਫ ਜਫ਼ਰ ਨੂੰ ਲਖਨਊ (ਕੇਂਦਰੀ) ਤੋਂ ਚੋਣਾਂ ਵਿਚ ਖੜ੍ਹਾ ਕੀਤਾ ਸੀ। ਉਸ ਨੂੰ ਸਿਰਫ਼ 2927 ਵੋਟਾਂ ਮਿਲੀਆਂ। ਹਸਤਿਨਾਪੁਰ ਤੋਂ ਕਾਂਗਰਸੀ ਉਮੀਦਵਾਰ ਅਰਚਨਾ ਗੌਤਮ ਜੋ ਕਿ ‘ਮਿਸ ਕੌਸਮੋ ਵਰਲਡ 2018’ ਅਤੇ ‘ਮਿਸ ਯੂਪੀ 2014’ ਰਹਿ ਚੁੱਕੀ ਹੈ, ਨੂੰ ਸਿਰਫ਼ 1519 ਵੋਟਾਂ ਮਿਲੀਆਂ ਹਨ। ਲਖੀਮਪੁਰ ਖੀਰੀ ਦੇ ਮੁਹੰਮਦੀ ਹਲਕੇ ਤੋਂ ਚੋਣ ਲੜਨ ਵਾਲੀ ਰਿਤੂ ਸਿੰਘ ਨੂੰ 2419, ਕਾਨਪੁਰ ਦੇ ਬਿਕਰੂ ਕੇਸ ਦੀ ਇਕ ਸਹਿ ਮੁਲਜ਼ਮ ਖੁਸ਼ੀ ਦੂਬੇ ਦੀ ਵੱਡੀ ਭੈਣ ਨੇਹਾ ਤਿਵਾੜੀ ਜੋ ਕਿ ਕਾਨਪੁਰ ਵਿਚ ਕਲਿਆਣਪੁਰ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ’ਚ ਸੀ, ਨੂੰ ਸਿਰਫ਼ 2302 ਵੋਟਾਂ ਮਿਲੀਆਂ ਹਨ। ਉੱਧਰ, ਉੱਤਰ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਅਸ਼ੋਕ ਸਿੰਘ ਨੇ ਕਿਹਾ ਕਿ ਚੋਣ ਨਤੀਜਿਆਂ ਦੀ ਸਮੀਖਿਆ ਕੀਤੀ ਜਾਵੇਗੀ। -ਪੀਟੀਆਈ