ਨਵੀਂ ਦਿੱਲੀ, 12 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪਹਿਲੀਆਂ ਸਰਕਾਰਾਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਔਰਤਾਂ ਨੂੰ ਵਿੱਤੀ ਤੌਰ ’ਤੇ ਮਜ਼ਬੂਤ ਕਰਨ ਲਈ ਜੋ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਸਨ, ਉਹ ਨਹੀਂ ਕੀਤੀਆਂ ਗਈਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਜਿਹਾ ਮਾਹੌਲ ਬਣਾ ਰਹੀ ਹੈ ਜਿਸ ਨਾਲ ਔਰਤਾਂ ਸਵੈ ਸਹਾਇਤਾ ਗਰੁੱਪਾਂ ਨਾਲ ਜੁੜ ਕੇ ਪਿੰਡਾਂ ਨੂੰ ਖੁਸ਼ਹਾਲ ਬਣਾ ਸਕਦੀਆਂ ਹਨ। ਪ੍ਰਧਾਨ ਮੰਤਰੀ ‘ਆਤਮਨਿਰਭਰ ਨਾਰੀ ਸ਼ਕਤੀ ਸੇ ਸੰਵਾਦ’ ਪ੍ਰੋਗਰਾਮ ਦੌਰਾਨ ਦੀਨਦਿਆਲ ਅੰਤੋਦਿਆ ਯੋਜਨਾ-ਕੌਮੀ ਦਿਹਾਤੀ ਰੁਜ਼ਗਾਰ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਤਹਿਤ ਸਹਾਇਤਾ ਹਾਸਲ ਕਰਨ ਵਾਲੇ ਮਹਿਲਾ ਸਵੈ ਸਹਾਇਤਾਂ ਗਰੁੱਪਾਂ ਨਾਲ ਗੱਲਬਾਤ ਕਰ ਰਹੇ ਸਨ।
ਇਸ ਮੌਕੇ ਉਨ੍ਹਾਂ ਚਾਰ ਲੱਖ ਤੋਂ ਵੱਧ ਸਵੈ ਸਹਾਇਤਾਂ ਗਰੁੱਪਾਂ ਲਈ 1625 ਕਰੋੜ ਰੁਪਏ ਦੇ ਫੰਡ ਵੀ ਜਾਰੀ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਪ੍ਰਧਾਨ ਮੰਤਰੀ ਲਘੂ ਮਾਈਕਰੋ ਫੂਡ ਪ੍ਰੋਸੈਸਿੰਗ ਐਂਟਰਪ੍ਰਾਈਜ਼ਿਜ਼ ਯੋਜਨਾ ਤਹਿਤ 7500 ਸਵੈ ਸਹਾਇਤਾ ਗਰੁੱਪਾਂ ਨੂੰ 25 ਕਰੋੜ ਤੇ 75 ਕਿਸਾਨ ਉਤਪਾਦ ਸੰਸਥਾਵਾਂ ਲਈ 4.13 ਕਰੋੜ ਰੁਪਏ ਵੀ ਜਾਰੀ ਕੀਤੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਦਲਦੇ ਭਾਰਤ ’ਚ ਦੇਸ਼ ਦੀਆਂ ਭੈਣਾਂ ਤੇ ਧੀਆਂ ਕੋਲ ਅੱਗੇ ਵਧਣ ਲਈ ਕਈ ਮੌਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸਿੱਖਿਆ, ਸਿਹਤ, ਪੋਸ਼ਣ, ਟੀਕਾਕਰਨ ਤੇ ਭੈਣਾਂ ਤੇ ਧੀਆਂ ਦੀ ਹਰ ਜ਼ਰੂਰਤ ਪੂਰੀ ਕਰਨ ਲਈ ਸੰਵੇਦਨਸ਼ੀਲਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਵੈ ਸਹਾਇਤਾ ਗਰੁੱਪਾਂ ਰਾਹੀਂ ਔਰਤਾਂ ਨੇ ਦੇਸ਼ ਦੇ ਲੋਕਾਂ ਦੀ ਸੇਵਾ ਕੀਤੀ ਹੈ ਉਹ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪਿਛਲੇ 6-7 ਸਾਲਾਂ ਅੰਦਰ ਮਹਿਲਾ ਸਵੈ ਸਹਾਇਤਾ ਗਰੁੱਪਾਂ ਨੇ ਅਜਿਹੀ ਰਫ਼ਤਾਰ ਫੜੀ ਕਿ ਇਸ ਸਮੇਂ ਦੇਸ਼ 70 ਲੱਖ ਦੇ ਕਰੀਬ ਅਜਿਹੇ ਗਰੁੱਪ ਹਨ ਤੇ ਇਨ੍ਹਾਂ ਨਾਲ 8 ਕਰੋੜ ਤੋਂ ਵੱਧ ਔਰਤਾਂ ਜੁੜੀਆਂ ਹੋਈਆਂ ਹਨ। -ਪੀਟੀਆਈ