ਨਵੀਂ ਦਿੱਲੀ: ਨੀਤੀ ਆਯੋਗ ਦੇ ਸੀਈਓ ਬੀ.ਵੀ.ਆਰ.ਸੁਬਰਾਮਨੀਅਮ ਨੇ ਕਿਹਾ ਕਿ ਭਾਰਤ ਨੂੰ 2047 ਤੱਕ 30 ਖਰਬ ਅਮਰੀਕੀ ਡਾਲਰ ਦਾ ਵਿਕਸਤ ਅਰਥਚਾਰਾ ਬਣਾਉਣ ਲਈ ਇਕ ਭਵਿੱਖੀ ਦਸਤਾਵੇਜ਼ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਭਵਿੱਖੀ ਦਸਤਾਵੇਜ਼ ਸੰਸਥਾਗਤ ਤੇ ਢਾਂਚਾਗਤ ਤਬਦੀਲੀਆਂ/ਸੁਧਾਰਾਂ ਦੀ ਰੂਪ-ਰੇਖਾ ਤਿਆਰ ਕਰੇਗਾ, ਜਿਸ ਦੀ ਭਾਰਤ ਨੂੰ 2047 ਤੱਕ ਵਿਕਸਤ ਮੁਲਕ ਬਣਾਉਣ ਲਈ ਲੋੜ ਪਏਗੀ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ, ‘‘ਭਾਰਤ ਨੂੰ 2047 ਤੱਕ 30 ਖਰਬ ਡਾਲਰ ਦਾ ਵਿਕਸਤ ਅਰਥਚਾਰਾ ਬਣਾਉਣ ਲਈ ਇਕ ਭਵਿੱਖੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ…ਇਸ ਭਵਿੱਖੀ ਦਸਤਾਵੇਜ਼ ਦਾ ਇਕੋ ਇਕ ਮੰਤਵ ਮੱਧ-ਆਮਦਨ ਟਰੈਪ ਨੂੰ ਟਾਲਣਾ ਹੈ।’’ ਏਸ਼ੀਅਨ ਡਿਵੈਲਪਮੈਂਟ ਬੈਂਕ ਮੁਤਾਬਕ ਮੱਧ ਆਮਦਨ ਟਰੈਪ ਅਜਿਹਾ ਹਾਲਾਤ ਹੈ, ਜਿੱਥੇ ਇਕ ਮੱਧ ਆਮਦਨ ਵਾਲਾ ਮੁਲਕ ਕੌਮਾਂਤਰੀ ਪੱਧਰ ’ਤੇ ਸਟੈਂਡਰਡ ਤੇ ਲੇਬਰ ਇੰਟੈਂਸਿਵ ਗੁਡਜ਼ ਵਿੱਚ ਮੁਕਾਬਲੇਬਾਜ਼ੀ ਨਹੀਂ ਕਰ ਸਕਦਾ ਕਿਉਂਕਿ ਤਨਖਾਹਾਂ ਮੁਕਾਬਲਤਨ ਬਹੁਤ ਵੱਧ ਹੁੰਦੀਆਂ ਹਨ। ਇਹੀ ਨਹੀਂ ਅਜਿਹੇ ਮੁਲਕ ਉੱਚ ਵੈਲਿਊ ਐਡਿਡ ਸਰਗਰਮੀਆਂ ਵਿੱਚ ਵੀ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਉਤਪਾਦਨ ਬਹੁਤ ਘੱਟ ਹੁੰਦਾ ਹੈ। -ਪੀਟੀਆਈ