ਅਜੈ ਬੈਨਰਜੀ
ਨਵੀਂ ਦਿੱਲੀ, 20 ਨਵੰਬਰ
ਭਵਿੱਖ ਦੀ ਜੰਗ ਲੜਨ ਲਈ ਤਿੰਨੇ ਹਥਿਆਰਬੰਦ ਬਲਾਂ ਨੂੰ ਏਕੀਕ੍ਰਿਤ ਕਰਨ ਦੀ ਯੋਜਨਾ ਪੇਸ਼ ਕਰਦਿਆਂ ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਅਨਿਲ ਚੌਹਾਨ ਨੇ ਕਿਹਾ ਕਿ ਬਲਾਂ ਨੂੰ ਏਕੀਕ੍ਰਿਤ ਕਰਨ ਲਈ 180 ਤਰਜੀਹਾਂ ਦੀ ਪਛਾਣ ਕੀਤੀ ਗਈ ਹੈ, ਜਦਕਿ ਇੱਕ ਵਿਜ਼ਨ ਸਟੇਟਮੈਂਟ, ਜੋ 2047 ਲਈ ਰੋਡ ਮੈਪ ਦੀ ਤਰ੍ਹਾਂ ਹੈ, ਦੇ ਤਿੰਨ ਪੜਾਅ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਲਿਖਤੀ ਕੌਮੀ ਸੁਰੱਖਿਆ ਨੀਤੀ ਦਸਤਾਵੇਜ਼ ’ਤੇ ਕੰਮ ਕੀਤਾ ਜਾ ਰਿਹਾ ਹੈ।
ਸੀਡੀਐੱਸ ਚੌਹਾਨ ਇੰਡੀਆ ਇੰਟਰਨੈਸ਼ਨਲ ਸੈਂਟਰ (ਆਈਆਈਸੀ) ਵੱਲੋਂ ‘ਭਵਿੱਖੀ ਜੰਗ ਅਤੇ ਭਾਰਤੀ ਹਥਿਆਰਬੰਦ ਬਲ’ ਵਿਸ਼ੇ ’ਤੇ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਹ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐੱਨਐੱਨ ਵੋਹਰਾ ਨਾਲ ਗੱਲਬਾਤ ਕਰ ਰਹੇ ਸਨ, ਜੋ ਆਪਣੇ ਨੌਕਰਸ਼ਾਹੀ ਕਰੀਅਰ ਦੌਰਾਨ ਅਹਿਮ ਅਹੁਦਿਆਂ ’ਤੇ ਰਹੇ ਸਨ। ਸੀਡੀਐੱਸ ਨੇ ਕਿਹਾ ਕਿ ਵਿਜ਼ਨ ਸਟੇਟਮੈਂਟ ’ਚ ਤਬਦੀਲੀ ਦੀ ਮਿਆਦ ਵਜੋਂ 2027 ਤੱਕ ਦਾ ਸਮਾਂ ਦੱਸਿਆ ਗਿਆ ਹੈ, ਜਦੋਂ ਏਕੀਕ੍ਰਿਕ ਸੰਚਾਲਨ ਦੀਆਂ ਸੰਰਚਨਾਵਾਂ ਸਾਹਮਣੇ ਆਉਣੀਆਂ ਚਾਹੀਦੀਆਂ ਹਨ। ਅਗਲੇ ਦਸ ਸਾਲ (2027-2037) ਏਕੀਕਰਨ ਦੀ ਮਿਆਦ ਹੈ। ਆਖਰੀ ਪੜਾਅ ਮਤਲਬ (2037-2047) ਬਾਰੇ ਸੀਡੀਐੱਸ ਨੇ ਕਿਹਾ ਕਿ ਇਸ ਬਾਰੇ ਅਨੁਮਾਨ ਹਾਲੇ ‘ਥੋੜਾ ਧੁੰਦਲਾ’ ਹੈ ਕਿਉਂਕਿ ਤੇਜ਼ੀ ਨਾਲ ਬਦਲਦੀ ਤਕਨੀਕ ਦੇ ਇਸ ਯੁਗ ’ਚ ਇਹ ਬਹੁਤ ਦੂਰ ਹੈ। ਉਨ੍ਹਾਂ ਕਿਹਾ, ‘ਸਾਡੇ ਕੋਲ ਨਜ਼ਰੀਆ ਹੈ। ਅਸੀਂ ਉਸ ਲਈ ਤਿਆਰੀ ਕਰ ਰਹੇ ਹਾਂ ਅਤੇ ਸੈਨਾਵਾਂ ਸੰਘਰਸ਼ ਦਾ ਢੁੱਕਵਾਂ ਜਵਾਬ ਦੇਣ ਲਈ ਤਿਆਰ ਹੋਣਗੀਆਂ।’ ਸਾਬਕਾ ਰੱਖਿਆ ਸਕੱਤਰ ਐੱਨਐੱਨ ਵੋਹਰਾ ਜੋ ਕਿ ਕਾਰਗਿਲ ਜੰਗ ਸਮੀਖਿਆ ਕਮੇਟੀ ’ਚ ਸ਼ਾਮਲ ਸਨ, ਨੇ ਕੌਮੀ ਸੁਰੱਖਿਆ ਦਸਤਾਵੇਜ਼ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ, ‘ਉਹ ਕੀ ਹੈ ਜੋ ਸਾਨੂੰ ਇਹ ਕਹਿਣ ਤੋਂ ਰੋਕਦਾ ਹੈ ਕਿ ਅਸੀਂ ਕੌਮੀ ਸੁਰੱਖਿਆ ਨੀਤੀ ਲਈ ਅੱਗੇ ਵਧਣਾ ਚਾਹੁੰਦੇ ਹਾਂ।’, ਕਿਉਂਕਿ ਉਨ੍ਹਾਂ ਨੂੰ ਯਾਦ ਆਇਆ ਕਿ ਲਿਖਤੀ ਕੌਮੀ ਸੁਰੱਖਿਆ ਦਸਤਾਵੇਜ਼ ’ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਪਿਛਲੇ ਦੋ ਦਹਾਕਿਆਂ ਜਾਂ ਉਸ ਤੋਂ ਵੱਧ ਸਮੇਂ ਅੰਦਰ ਕਈ ਵਾਰ ਇਸ ’ਤੇ ਦੁਬਾਰਾ ਕੰਮ ਕੀਤਾ ਗਿਆ ਹੈ। ਸ੍ਰੀ ਵੋਹਰਾ ਨੇ ਸੀਡੀਐੱਸ ਨੂੰ ਸਲਾਹ ਦਿੱਤੀ, ‘ਸਾਨੂੰ ਗ੍ਰਹਿ, ਰੱਖਿਆ ਤੇ ਵਿਦੇਸ਼ ਮੰਤਰਾਲਿਆਂ ਦੇ ਨਾਲ ਨਾਲ ਖੁਫੀਆ ਏਜੰਸੀਆਂ ਨਾਲ ਮਿਲ ਕੇ ਇਕ ਵਧੀਆ ਲਿਖਤੀ ਖਾਕੇ ਦੀ ਲੋੜ ਹੈ ਅਤੇ ਇਸ ਖਾਕੇ ਤਹਿਤ ਉਨ੍ਹਾਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।’ ਸੀਡੀਐੱਸ ਨੇ ਕਿਹਾ ਕਿ ਇੱਕ ਲਿਖਤੀ ਦਸਤਾਵੇਜ਼ ’ਤੇ ਕੰਮ ਕੀਤਾ ਜਾ ਰਿਹਾ ਹੈ।
ਅੰਦਰੂਨੀ ਸੁਰੱਖਿਆ ਦਾ 95 ਫੀਸਦ ਕੰਮ ਸੂਬਿਆਂ ਦਾ: ਵੋਹਰਾ
ਕੇਂਦਰੀ ਗ੍ਰਹਿ ਸਕੱਤਰ ਵਜੋਂ ਕੰਮ ਕਰ ਚੁੱਕੇ ਐੱਨਐੱਨ ਵੋਹਰਾ ਨੇ ਕਿਹਾ ਕਿ ਅੰਦਰੂਨੀ ਸੁਰੱਖਿਆ 95 ਫੀਸਦ ਸੂਬਿਆਂ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਤੇ ਸੈਨਾ ’ਤੇ ਰੋਜ਼ਾਨਾ ਦੇ ਸ਼ਾਂਤੀ ਪ੍ਰਬੰਧ ਦਾ ਬੋਝ ਨਹੀਂ ਪਾਇਆ ਜਾਣਾ ਚਾਹੀਦਾ।