ਨਵੀਂ ਦਿੱਲੀ, 23 ਜੂਨ
ਰਾਸ਼ਟਰਪਤੀ ਦੇ ਅਹੁਦੇ ਲਈ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਅਨੁਸੂਚਿਤ ਜਨਜਾਤੀਆਂ ਅਤੇ ਹੋਰ ਵਾਂਝੇ ਵਰਗਾਂ ਲਈ ਐੱਨਡੀਏ ਦੀ ਉਮੀਦਵਾਰ ਦਰੋਪਦੀ ਮਰਮੂ ਨਾਲੋਂ ‘ਬਹੁਤ ਜ਼ਿਆਦਾ’ ਕੰਮ ਕੀਤਾ ਹੈ। ਸਿਨਹਾ ਨੇ ਝਾਰਖੰਡ ਦੀ ਰਾਜਪਾਲ ਸਣੇ ਅਨੇਕਾਂ ਅਹੁਦਿਆਂ ’ਤੇ ਰਹਿੰਦਿਆਂ ਮਰਮੂੁ ਵੱਲੋਂ ਕੀਤੇ ਭਲਾਈ ਕਾਰਜਾਂ ਦੇ ਰਿਕਾਰਡ ’ਤੇ ਵੀ ਸਵਾਲ ਚੁੱਕੇ। ਸਾਲ 2018 ਤੋਂ ਪਹਿਲਾਂ ਲੰਮੇ ਸਮੇਂ ਤੱਕ ਭਾਜਪਾ ਵਿੱਚ ਰਹਿਣ ਦੇ ਬਾਵਜੂਦ ਸਿਨਹਾ ਦੇ ਨਾਲ ਵਿਰੋਧੀ ਧਿਰ ਦੇ ਸਮਰਥਨ ਸਬੰਧੀ ਕੁਝ ਹਲਕਿਆਂ ਵਿੱਚ ਉਠ ਰਹੇ ਸਵਾਲਾਂ ਬਾਰੇ ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਪਾਰਟੀ ਦਾ ਮੈਂਬਰ ਰਹਿਣ ਦੌਰਾਨ ਆਪਣੇ ਰਿਕਾਰਡ ’ਤੇ ਮਾਣ ਹੈ। ਸ੍ਰੀ ਸਿਨਹਾ ਨੇ ਕਿਹਾ ਕਿ ਅੱਜ ਦੀ ਭਾਜਪਾ ਵਾਜਪਾਈ ਦੀ ਭਾਜਪਾ ਤੋਂ ਵੱਖਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੌਰਾਨ ਜਮਹੂਰੀ ਕਦਰਾਂ ਕੀਮਤਾਂ ਖ਼ਤਰੇ ਵਿੱਚ ਹਨ। ਸਿਨਹਾ ਨੇ ਕਿਹਾ ਕਿ ਇਸ ਵਾਰ ਰਾਸ਼ਟਰਪਤੀ ਚੋਣ ਪਛਾਣ ਦੀ ਨਹੀਂ ਬਲਕਿ ਵਿਚਾਰਧਾਰਾ ਦੀ ਲੜਾਈ ਹੈ। ਉਨ੍ਹਾਂ ਕਿਹਾ, ‘‘ਇਹ ਪਛਾਣ ਦਾ ਸਵਾਲ ਨਹੀਂ ਹੈ ਕਿ ਮਰਮੂ ਕੌਣ ਹੈ ਜਾਂ ਸਿਨਹਾ ਕੌਣ ਹੈ। ਸਵਾਲ ਇਹ ਹੈ ਕਿ ਉਹ ਸਾਡੇ ਲੋਕਤੰਤਰ ਵਿੱਚ ਕਿਹੜੀ ਵਿਚਾਰਧਾਰਾ ਦੀ ਨੁਮਾਇੰਦਗੀ ਕਰਦੀ ਹੈ ਅਤੇ ਮੈਂ ਕਿਹੜੀ ਵਿਚਾਰਧਾਰਾ ਦੀ ਨੁਮਾਇੰਦਗੀ ਕਰਦਾ ਹਾਂ।’’ ਯਸ਼ਵੰਤ ਸਿਨਹਾ ਨੇ ਕਿਹਾ ਕਿ ਉਹ ਭਾਰਤ ਦੀਆਂ ਜਮਹੂਰੀ ਕਦਰਾਂ ਕੀਮਤਾਂ ਦੀ ਸੁਰੱਖਿਆ ਲਈ ਖੜ੍ਹੇ ਹੋਏ ਹਨ। -ਪੀਟੀਆਈ