ਨਵੀਂ ਦਿੱਲੀ: ਵਿਸ਼ਵ ਆਰਥਿਕ ਫੋਰਮ ਦੀ ਦੁਨਿਆਵੀ ਲਿੰਗ ਭੇਦ ਰਿਪੋਰਟ 2021 ਵਿੱਚ ਭਾਰਤ 28 ਸਥਾਨ ਡਿੱਗ ਕੇ 156 ਦੇਸ਼ਾਂ ਵਿੱਚੋਂ 140ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇਸ ਤਰ੍ਹਾਂ ਭਾਰਤ ਦੱਖਣੀ ਏਸ਼ੀਆ ਵਿੱਚ ਤੀਜਾ ਸਭ ਤੋਂ ਮਾੜਾ ਪ੍ਰਦਰਸ਼ਨ ਕਰਨ ਵਾਲਾ ਦੇਸ਼ ਬਣ ਗਿਆ ਹੈ। ਵਿਸ਼ਵ ਲਿੰਗ ਭੇਦ ਅਨੁਪਾਤ ਦੀ ਰਿਪੋਰਟ ਵਿਚ ਭਾਰਤ 153 ਦੇਸ਼ਾਂ ਵਿਚੋਂ 112ਵੇਂ ਸਥਾਨ ’ਤੇ ਸੀ। ਆਰਥਿਕ ਹਿੱਸੇਦਾਰੀ ਤੇ ਮੌਕਿਆਂ ਦੀ ਸੂਚੀ ਵਿੱਚ ਵੀ ਨਿਘਾਰ ਆਇਆ ਹੈ ਅਤੇ ਰਿਪੋਰਟ ਅਨੁਸਾਰ ਇਸ ਖੇਤਰ ਵਿੱਚ ਲਿੰਗ ਭੇਦ ਅਨੁਪਾਤ 3 ਫ਼ੀਸਦ ਹੋਰ ਵਧ ਕੇ 32.6 ਫ਼ੀਸਦ ’ਤੇ ਪਹੁੰਚ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਭ ਤੋਂ ਵੱਧ ਨਿਘਾਰ ਸਿਆਸੀ ਸ਼ਕਤੀਕਰਨ ਦੇ ਖੇਤਰ ਵਿੱਚ ਆਇਆ ਹੈ ਜਿੱਥੇ ਭਾਰਤ 13.5 ਫ਼ੀਸਦ ਪੁਆਇੰਟ ਹੇਠਾਂ ਆਇਆ ਹੈ। ਸਾਲ 2019 ਵਿੱਚ ਮਹਿਲਾ ਮੰਤਰੀਆਂ ਦੀ ਗਿਣਤੀ 23.1 ਫ਼ੀਸਦ ਸੀ ਜਦੋਂ ਕਿ 2021 ਵਿੱਚ ਇਹ ਘਟ ਕੇ ਸਿਰਫ਼ 9.1 ਫ਼ੀਸਦ ਰਹਿ ਗਈ ਹੈ। ਰਿਪੋਰਟ ਵਿੱਚ ਕਿਹਾ ਗਿਆ, ‘‘ਮਹਿਲਾ ਕਿਰਤ ਬਲ ਹਿੱਸੇਦਾਰੀ ਦਰ 24.8 ਫ਼ੀਸਦ ਤੋਂ ਡਿੱਗ ਕੇ 22.3 ਫ਼ੀਸਦ ਰਹਿ ਗਈ ਹੈ। ਇਸ ਦੇ ਨਾਲ ਹੀ ਪੇਸ਼ੇਵਰ ਤੇ ਤਕਨੀਕੀ ਖੇਤਰ ਵਿੱਚ ਮਹਿਲਾਵਾਂ ਦੀ ਭੂਮਿਕਾ ਘਟ ਕੇ 29.2 ਫ਼ੀਸਦ ਹੋ ਗਈ ਹੈ। -ਪੀਟੀਆਈ