ਨਵੀਂ ਦਿੱਲੀ: ਭਾਰਤ ਐਤਵਾਰ ਤੋਂ ਸ਼ੁਰੂ ਹੋ ਰਹੀ ਵਿਸ਼ਵ ਵਪਾਰ ਸੰਸਥਾ ਦੀ ਮੰਤਰੀ ਪੱਧਰ ਦੀ 12ਵੀਂ ਮੀਟਿੰਗ ਦੌਰਾਨ ਖੁਰਾਕ ਸੁਰੱਖਿਆ ਪ੍ਰੋਗਰਾਮਾਂ ਲਈ ਅਨਾਜ ਭੰਡਾਰਨ ਦੇ ਸਥਾਈ ਹੱਲ ਅਤੇ ਕਿਸਾਨਾਂ ਤੇ ਮਛੇਰਿਆਂ ਦੇ ਹਿਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਜਿਹੇ ਮਸਲਿਆਂ ਨੂੰ ਜ਼ੋਰਦਾਰ ਢੰਗ ਨਾਲ ਚੁੱਕੇਗਾ। ਮੀਟਿੰਗ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਵਣਜ ਤੇ ਸਨਅਤ ਮੰਤਰੀ ਪਿਊਸ਼ ਗੋਇਲ ਕਰਨਗੇ। ਚਾਰ ਰੋਜ਼ਾ ਮੰਤਰੀ ਪੱਧਰ ਦੀ ਕਾਨਫਰੰਸ (ਐੱਮਸੀ) 12 ਜੂਨ ਨੂੰ ਜਨੇਵਾ ਵਿੱਚ ਸ਼ੁਰੂ ਹੋਵੇਗੀ। ਯੂਕਰੇਨ-ਰੂਸ ਜੰਗ ਦੇ ਪਿਛੋਕੜ ਅਤੇ ਆਲਮੀ ਪੱਧਰ ’ਤੇ ਬੇਯਕੀਨੀ ਵਾਲੇ ਆਰਥਿਕ ਹਾਲਾਤ ਦਰਮਿਆਨ ਡਬਲਿਊਟੀਓ ਦੀ ਮੀਟਿੰਗ ਚਾਰ ਸਾਲ ਦੇ ਵਕਫ਼ੇ ਮਗਰੋਂ ਹੋ ਰਹੀ ਹੈ। -ਪੀਟੀਆਈ