ਨਵੀਂ ਦਿੱਲੀ, 22 ਜੁਲਾਈ
ਤਿਹਾੜ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਜੇਕੇਐੱਲਐੱਫ ਮੁਖੀ ਯਾਸੀਨ ਮਲਿਕ ਦੇ ਬਿਨਾਂ ਪ੍ਰਵਾਨਗੀ ਸੁਪਰੀਮ ਕੋਰਟ ਪੁੱਜਣ ਸਬੰਧੀ ਕੇਸ ਵਿੱਚ ਦਿੱਲੀ ਜੇਲ੍ਹ ਵਿਭਾਗ ਨੇ ਇਸ ਘਟਨਾ ਲਈ ਕਥਿਤ ਤੌਰ ’ਤੇ ਜ਼ਿੰਮੇਵਾਰ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਯਾਸੀਨ ਮਲਿਕ ਨੂੰ ਹਥਿਆਰਬੰਦ ਸੁਰੱਖਿਆ ਮੁਲਾਜ਼ਮਾਂ ਵੱਲੋਂ ਇੱਕ ਵੈਨ ਰਾਹੀਂ ਬਿਨਾਂ ਅਦਾਲਤ ਦੀ ਆਗਿਆ ਸੁਪਰੀਮ ਕੋਰਟ ’ਚ ਪੇਸ਼ੀ ਲਈ ਲਿਆਂਦਾ ਗਿਆ ਸੀ। ਇਸ ਸਬੰਧ ’ਚ ਜੇਲ੍ਹ ਵਿਭਾਗ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਮੁਤਾਬਕ ਸੁਪਰਡੈਂਟ, ਦੋ ਅਸਿਸਟੈਂਟ ਸੁਪਰਡੈਂਟਾਂ ਤੇ ਇੱਕ ਹੈੱਡ ਵਾਰਡਰ ਨੂੰ ਜ਼ਿੰਮੇਵਾਰ ਮੰਨਦਿਆਂ ਮੁਅੱਤਲ ਕਰ ਦਿੱਤਾ ਗਿਆ ਹੈ। ਤਿਹਾੜ ਜੇਲ੍ਹ ਦੇ ਡੀਆਈਜੀ ਨੂੰ ਸੁਰੱਖਿਆ ਸਬੰਧੀ ਮਾਮਲੇ ’ਚ ਇਸ ਗੰਭੀਰ ਕੋਤਾਹੀ ਲਈ ਜ਼ਿੰਮੇਵਾਰ ਹੋਰ ਅਧਿਕਾਰੀਆਂ ਦੀ ਪਛਾਣ ਲਈ ਵਿਸਤ੍ਰਿਤ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ