ਨਵੀਂ ਦਿੱਲੀ: ਕਸ਼ਮੀਰ ਦਾ ਵੱਖਵਾਦੀ ਆਗੂ ਯਾਸੀਨ ਮਲਿਕ ਤਿਹਾੜ ਜੇਲ੍ਹ ਵਿਚ ਭੁੱਖ ਹੜਤਾਲ ’ਤੇ ਬੈਠ ਗਿਆ ਹੈ। ਦੱਸਣਯੋਗ ਹੈ ਕਿ ਮਲਿਕ ਨੇ ਸਰਕਾਰ ਤੋਂ ਮੰਗ ਕੀਤੀ ਸੀ ਕਿ ਰੁਬੱਈਆ ਸਈਦ ਅਗਵਾ ਕਾਂਡ ਕੇਸ ਵਿਚ ਉਸ ਨੂੰ ਜੰਮੂ ਦੀ ਅਦਾਲਤ ’ਚ ਖ਼ੁਦ ਜਾ ਕੇ ਪੇਸ਼ ਹੋਣ ਦੀ ਇਜਾਜ਼ਤ ਦਿੱਤੀ ਜਾਵੇ। ਮਲਿਕ (56) ਇਸ ਕੇਸ ਵਿਚ ਮੁਲਜ਼ਮ ਹੈ ਤੇ ਪਾਬੰਦੀ ਅਧੀਨ ਜਥੇਬੰਦੀ ਜੰਮੂ ਕਸ਼ਮੀਰ ਲਬਿਰੇਸ਼ਨ ਫਰੰਟ (ਜੇਕੇਐਲਐਫ) ਦਾ ਮੁਖੀ ਹੈ। ਮਲਿਕ ਨੇ ਪਹਿਲਾਂ ਹੀ ਹੜਤਾਲ ਦੀ ਚਿਤਾਵਨੀ ਦਿੱਤੀ ਸੀ ਤੇ ਉਹ ਸ਼ੁੱਕਰਵਾਰ ਅਣਮਿੱਥੇ ਸਮੇਂ ਦੀ ਹੜਤਾਲ ਉਤੇ ਬੈਠ ਗਿਆ। ਸ਼ੁੱਕਰਵਾਰ ਸਵੇਰੇ, ਉਸ ਨੇ ਜੇਲ੍ਹ ਪ੍ਰਸ਼ਾਸਨ ਦੀਆਂ ਕਈ ਅਪੀਲਾਂ ਦੇ ਬਾਵਜੂਦ ਕੁਝ ਵੀ ਖਾਣ ਤੋਂ ਇਨਕਾਰ ਕਰ ਦਿੱਤਾ। ਮਲਿਕ ਦੀ ਸਿਹਤ ਉਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਵਿਸ਼ੇਸ਼ ਸੀਬੀਆਈ ਜੱਜ ਅੱਗੇ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੁੰਦਿਆਂ ਮਲਿਕ ਨੇ ਕਿਹਾ ਸੀ ਕਿ ਉਹ ਵਿਅਕਤੀਗਤ ਤੌਰ ’ਤੇ ਪੇਸ਼ ਹੋਣਾ ਚਾਹੁੰਦਾ ਹੈ। ਮਲਿਕ ਨੇ ਅਦਾਲਤ ਨੂੰ ਨਾਲ ਹੀ ਕਿਹਾ ਸੀ ਕਿ ਉਸ ਨੇ ਸਰਕਾਰ ਨੂੰ ਪੱਤਰ ਲਿਖਿਆ ਹੈ ਕਿ ਉਸ ਨੂੰ ਜੰਮੂ ਜੇਲ੍ਹ ਟਰਾਂਸਫਰ ਕੀਤਾ ਜਾਵੇ ਤਾਂ ਕਿ ਉਹ ਕੇਸ ਵਿਚ ਵਿਅਕਤੀਗਤ ਤੌਰ ’ਤੇ ਪੇਸ਼ ਹੋ ਸਕੇ। ਮਲਿਕ ਨੇ ਕਿਹਾ ਸੀ ਕਿ ਉਹ ਆਪਣੇ ਉਤੇ ਲੱਗੇ ਦੋਸ਼ਾਂ ਦਾ ਖ਼ੁਦ ਅਦਾਲਤ ਵਿਚ ਪੇਸ਼ ਹੋ ਕੇ ਬਚਾਅ ਕਰਨਾ ਚਾਹੁੰਦਾ ਹੈ।
ਮਲਿਕ ਨੇ ਕਿਹਾ ਸੀ ਕਿ ਉਹ ਇਸਤਗਾਸਾ ਪੱਖ ਦੇ ਸਾਰੇ ਗਵਾਹਾਂ ਤੋਂ ਖ਼ੁਦ ਸਵਾਲ ਪੁੱਛਣਾ ਚਾਹੁੰਦਾ ਹੈ ਤੇ 22 ਜੁਲਾਈ ਤੱਕ ਸਰਕਾਰੀ ਮਨਜ਼ੂਰੀ ਦੀ ਉਡੀਕ ਕਰੇਗਾ। ਉਸ ਨੇ ਕਿਹਾ ਸੀ ਕਿ ਜੇ ਇਜਾਜ਼ਤ ਨਹੀਂ ਮਿਲੀ ਤਾਂ ਉਹ ਜੇਲ੍ਹ ਦੇ ਅੰਦਰ ਹੀ ਭੁੱਖ ਹੜਤਾਲ ਉਤੇ ਬੈਠ ਜਾਵੇਗਾ। -ਪੀਟੀਆਈ