ਨਵੀਂ ਦਿੱਲੀ, 28 ਸਤੰਬਰ
ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਸੱਦੀ ਇਕ ਸ਼ੋਕ ਮੀਟਿੰਗ ਵਿੱਚ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੇ ਆਗੂਆਂ ਨੇ ਕਿਹਾ ਕਿ ਸੀਤਾਰਾਮ ਯੇਚੁਰੀ ਇਕ ਗੂੰਦ ਵਾਂਗ ਸਨ ਜਿਨ੍ਹਾਂ ਨੇ ‘ਇੰਡੀਆ’ ਗੱਠਜੋੜ ਵਿਚਲੀਆਂ ਸਾਰੀਆਂ ਪਾਰਟੀਆਂ ਨੂੰ ਜੋੜਨ ਦਾ ਕੰਮ ਕੀਤਾ। ਉਨ੍ਹਾਂ ਮਾਰਕਸਵਾਦੀ ਆਗੂ ਦੀ ਮੌਤ ਨੂੰ ਵਿਰੋਧੀ ਧਿਰ ਲਈ ਇਕ ਬਹੁਤ ਵੱਡਾ ਘਾਟਾ ਕਰਾਰ ਦਿੱਤਾ।
ਫੇਫੜਿਆਂ ਦੀ ਲਾਗ ਕਾਰਨ 12 ਸਤੰਬਰ ਨੂੰ ਸਦੀਵੀਂ ਵਿਛੋੜਾ ਦੇ ਗਏ ਸੀਪੀਆਈ (ਐੱਮ) ਦੇ ਜਨਰਲ ਸਕੱਤਰ ਨੂੰ ਸ਼ਰਧਾਂਲਜੀਆਂ ਭੇਟ ਕਰਨ ਲਈ ਸੱਦੀ ਇਸ ਸ਼ੋਕ ਸਭਾ ਵਿੱਚ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ, ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲਾ, ਸਮਾਜਵਾਦੀ ਪਾਰਟੀ ਦੇ ਆਗੂ ਰਾਮਗੋਪਾਲ ਯਾਦਵ ਸਣੇ ਹੋਰ ਕਈ ਆਗੂਆਂ ਨੇ ਹਾਜ਼ਰੀ ਲਗਵਾਈ।
ਯੇਚੁਰੀ ਨੂੰ ਯਾਦ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਅਤੇ ਯੂਪੀਏ ਵਿੱਚ ਯੇਚੁਰੀ ਨੇ ਕਾਂਗਰਸ ਤੇ ਹੋਰ ਪਾਰਟੀਆਂ ਵਿਚਾਲੇ ਇਕ ਪੁਲ ਦੀ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਤੋਂ ਹੀ ਉਹ ਯੇਚੁਰੀ ਨੂੰ ਬੜੇ ਧਿਆਨ ਨਾਲ ਦੇਖਦੇ ਆਏ ਹਨ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇੰਡੀਆ ਗੱਠਜੋੜ ਨੂੰ ਰੂਪ ਦੇਣ ਲਈ ਸੀਪੀਆਈ (ਐੱਮ) ਆਗੂ ਵੱਲੋਂ ਸੋਨੀਆ ਗਾਂਧੀ ਨਾਲ ਕੀਤੀਆਂ ਗਈਆਂ ਮੀਟਿੰਗਾਂ ਨੂੰ ਚੇਤੇ ਕੀਤਾ ਅਤੇ ਸਾਰੀਆਂ ਪਾਰਟੀਆਂ ਨੂੰ ਇਕ ਪਲੈਟਫਾਰਮ ’ਤੇ ਇਕੱਠੀਆਂ ਕਰਨ ਦਾ ਸਿਹਰਾ ਯੇਚੁਰੀ ਸਿਰ ਬੰਨ੍ਹਿਆ। ਇਸੇ ਤਰ੍ਹਾਂ ਜੰਮੂ ਕਸ਼ਮੀਰ ਤੋਂ ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲਾ ਨੇ ਵੀ ਸੀਪੀਆਈ (ਐੱਮ) ਆਗੂ ਦੀਆਂ ਗੱਲਾਂ ਚੇਤੇ ਕੀਤੀਆਂ। -ਪੀਟੀਆਈ