ਮੁੱਖ ਅੰਸ਼
- ਰਾਜਪਾਲ ਨੂੰ ਸੌਂਪਿਆ ਅਸਤੀਫਾ
- ਅਹੁਦਾ ਆਪਣੀ ਮਰਜ਼ੀ ਨਾਲ ਛੱਡਣ ਦਾ ਕੀਤਾ ਦਾਅਵਾ
ਬੰਗਲੂਰੂ, 26 ਜੁਲਾਈ
ਬੀਐੱਸ ਯੇਦੀਯੁਰੱਪਾ ਨੇ ਅੱਜ ਕਰਨਾਟਕ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਅਸਤੀਫਾ ਅਜਿਹੇ ਸਮੇਂ ਦਿੱਤਾ ਹੈ ਜਦੋਂ ਉਨ੍ਹਾਂ ਦੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਦੋ ਸਾਲ ਪੂਰੇ ਕੀਤੇ ਹਨ। ਉਨ੍ਹਾਂ ਆਪਣੇ ਦੋ ਸਾਲਾਂ ਦੇ ਕਾਰਜਕਾਲ ਨੂੰ ਅਗਨੀ ਪ੍ਰੀਖਿਆ ਕਰਾਰ ਦਿੰਦਿਆਂ ਕਿਹਾ ਕਿ ਸ਼ੁਰੂਆਤੀ ਦਿਨਾਂ ’ਚ ਉਨ੍ਹਾਂ ਨੂੰ ਬਿਨਾਂ ਕੈਬਨਿਟ ਦੇ ਕੰਮ ਚਲਾਉਣਾ ਪਿਆ ਤੇ ਉਸ ਮਗਰੋਂ ਹੜ੍ਹਾਂ ਤੇ ਕੋਵਿਡ-19 ਪ੍ਰਬੰਧਨ ਸਮੇਤ ਹੋਰ ਮਸਲਿਆਂ ਨਾਲ ਨਜਿੱਠਣਾ ਪਿਆ। ਅੱਜ ਇੱਥੇ ਰਾਜ ਭਵਨ ’ਚ ਥਾਵਰਚੰਦ ਗਹਿਲੋਤ ਨੂੰ ਆਪਣਾ ਅਸਤੀਫਾ ਸੌਂਪਣ ਮਗਰੋਂ 78 ਸਾਲਾ ਭਾਜਪਾ ਆਗੂ ਨੇ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਅਹੁਦਾ ਛੱਡ ਰਹੇ ਹਨ। ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੈਂ ਦੋ ਮਹੀਨੇ ਪਹਿਲਾਂ ਹੀ ਫ਼ੈਸਲਾ ਕਰ ਲਿਆ ਸੀ ਕਿ ਸਾਡੀ ਸਰਕਾਰ ਦੇ ਦੋ ਸਾਲ ਪੂਰੇ ਹੋਣ ’ਤੇ ਮੈਂ ਅਸਤੀਫਾ ਦੇ ਦੇਵਾਂਗਾ। ਮੈਨੂੰ ਲੱਗਦਾ ਹੈ ਕਿ ਇਹ ਅਸਤੀਫਾ ਦੇਣ ਦਾ ਸਹੀ ਸਮਾਂ ਹੈ ਅਤੇ ਮੈਂ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ ਹੈ ਤੇ ਉਨ੍ਹਾਂ ਇਸ ਨੂੰ ਸਵੀਕਾਰ ਕਰ ਲਿਆ ਹੈ।’ ਰਾਜਪਾਲ ਦਫ਼ਤਰ ਤੋਂ ਇੱਕ ਅਧਿਕਾਰਤ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਗਹਿਲੋਤ ਨੇ ਯੇਦੀਯੁਰੱਪਾ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ ਅਤੇ ਉਨ੍ਹਾਂ ਯੇਦੀਯੁਰੱਪਾ ਦੀ ਪ੍ਰਧਾਨਗੀ ਵਾਲੀ ਮੰਤਰੀ ਪ੍ਰੀਸ਼ਦ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤੀ ਹੈ। ਰਾਜਪਾਲ ਦਫ਼ਤਰ ਨੇ ਕਿਹਾ ਕਿ ਬਦਲਵਾਂ ਪ੍ਰਬੰਧ ਹੋਣ ਤੱਕ ਯੇਦੀਯੁਰੱਪਾ ਮੁੱਖ ਮੰਤਰੀ ਵਜੋਂ ਕੰਮ ਕਰਦੇ ਰਹਿਣਗੇ।
ਯੇਦੀਯੁਰੱਪਾ ਨੇ ਕਿਹਾ, ‘ਪਾਰਟੀ ਲੀਡਰਾਂ ਤੇ ਲੋਕਾਂ ਦਾ ਉਨ੍ਹਾਂ ਨੂੰ ਰਾਜ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਸ਼ੁਕਰੀਆ।’ ਉਨ੍ਹਾਂ ਕਿਹਾ ਕਿ ਉਨ੍ਹਾਂ ’ਤੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦਾ ਕੋਈ ਦਬਾਅ ਨਹੀਂ ਹੈ ਅਤੇ ਉਹ ਆਪਣੀ ਮਰਜ਼ੀ ਨਾਲ ਅਹੁਦਾ ਛੱਡ ਰਹੇ ਹਨ। ਉਨ੍ਹਾਂ ਇੱਕ ਸਵਾਲ ਦੇ ਜਵਾਬ ’ਚ ਕਿਹਾ, ‘ਮੈਂ ਅਗਲੇ ਮੁੱਖ ਮੰਤਰੀ ਲਈ ਕਿਸੇ ਦਾ ਨਾਂ ਤਜਵੀਜ਼ ਨਹੀਂ ਕਰਾਂਗਾ। ਇਹ ਹਾਈ ਕਮਾਂਡ ਦਾ ਫ਼ੈਸਲਾ ਹੈ ਕਿ ਉਹ ਕਿਸ ਨੂੰ ਚੁਣਦੀ ਹੈ। ਪਾਰਟੀ ਜਿਸ ਨੂੰ ਚੁਣੇਗੀ ਮੈਂ ਉਸ ਨਾਲ ਸਹਿਯੋਗ ਕਰਾਂਗਾ ਤੇ ਕੰਮ ਕਰਾਂਗਾ। ਮੈਂ ਕਿਸੇ ਦਾ ਨਾਂ ਪੇਸ਼ ਨਹੀਂ ਕਰਨਾ ਚਾਹੁੰਦਾ।’ ਸੂਤਰਾਂ ਅਨੁਸਾਰ ਯੇਦੀਯੁਰੱਪਾ ਦੇ ਸੰਭਾਵੀ ਗੱਦੀਨਸ਼ੀਨ ਵਜੋਂ ਜੋ ਨਾਂ ਸਾਹਮਣੇ ਆ ਰਹੇ ਹਨ ਉਨ੍ਹਾਂ ’ਚ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ, ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਸੀਟੀ ਰਵੀ, ਕੌਮੀ ਜਥੇਬੰਦਕ ਸਕੱਤਰ ਬੀਐੱਲ ਸੰਤੋਸ਼ ਤੇ ਰਾਜ ਵਿਧਾਨ ਸਭਾ ਪ੍ਰਧਾਨ ਵਿਸ਼ਵੇਸ਼ਰ ਹੈਗੜੇ ਕਾਗੇਰੀ ਸ਼ਾਮਲ ਹਨ। ਗ੍ਰਹਿ ਮੰਤਰੀ ਬਸਵਰਾਜ ਐੱਸ ਬੋਮਈ, ਮਾਲ ਮੰਤਰੀ ਆਰ ਅਸ਼ੋਕ ਤੇ ਉੱਪ ਮੁੱਖ ਮੰਤਰੀ ਸੀਐੱਨ ਅਸ਼ਵਥ ਨਾਰਾਇਣ ਦੇ ਨਾਂ ਵੀ ਚਰਚਾ ’ਚ ਹਨ। ਯੇਦੀਯੁਰੱਪਾ ਨੇ ਕਿਹਾ ਕਿ ਉਹ ਸਿਆਸਤ ’ਚ ਸੌ ਫੀਸਦ ਬਣੇ ਰਹਿਣਗੇ ਤੇ ਭਲਕ ਤੋਂ ਹੀ ਭਾਜਪਾ ਨੂੰ ਸੱਤਾ ’ਚ ਵਾਪਸ ਲਿਆਉਣ ਲਈ ਕੰਮ ਕਰਨਗੇ। ਉਨ੍ਹਾਂ ਕਿਹਾ, ‘ਕਿਸੇ ਵੀ ਕਾਰਨ ਸਿਆਸੀ ਸੇਵਾਮੁਕਤੀ ਦਾ ਕੋਈ ਸਵਾਲ ਹੀ ਨਹੀਂ। ਮੈਂ ਪਾਰਟੀ ਕਾਰਕੁਨਾਂ ਤੇ ਲੋਕਾਂ ਦੇ ਨਾਲ ਹਾਂ।’ -ਪੀਟੀਆਈ
ਭਾਵੁਕ ਹੋਏ ਯੇਦੀਯੁਰੱਪਾ
ਬੰਗਲੂਰੂ: ਕਰਨਾਟਕ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਪਹਿਲਾਂ ਅੱਜ ਯੇਦੀਯੁਰੱਪਾ ਭਾਵੁਕ ਹੋ ਗਏ। ਅਸਤੀਫਾ ਦੇਣ ਤੋਂ ਪਹਿਲਾਂ ਗੱਲ ਕਰਦਿਆਂ ਉਨ੍ਹਾਂ ਦਾ ਗੱਚ ਭਰ ਆਇਆ। ਉਨ੍ਹਾਂ ਕਿਹਾ, ‘ਮੇਰੀ ਗੱਲ ਨੂੰ ਗਲਤ ਨਾ ਸਮਝਿਓ। ਮੈਂ ਤੁਹਾਡੀ ਇਜਾਜ਼ਤ ਨਾਲ… ਮੈਂ ਫ਼ੈਸਲਾ ਕੀਤਾ ਹੈ ਕਿ ਮੈਂ ਦੁਪਹਿਰ ਦੇ ਖਾਣੇ ਤੋਂ ਬਾਅਦ ਰਾਜ ਭਵਨ ਜਾਵਾਂਗਾ ਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਰਾਜਪਾਲ ਨੂੰ ਸੌਂਪ ਦੇਵਾਂਗਾ।’ ਉਨ੍ਹਾਂ ਕਿਹਾ ਕਿ ਉਹ ਦੁਖੀ ਹੋ ਕੇ ਨਹੀਂ ਬਲਕਿ ਖੁਸ਼ੀ ਨਾਲ ਅਜਿਹਾ ਕਰ ਰਹੇ ਹਨ। ਉਨ੍ਹਾਂ 75 ਤੋਂ ਵੱਧ ਉਮਰ ਹੋਣ ਦੇ ਬਾਵਜੂਦ ਦੋ ਸਾਲ ਲਈ ਮੁੱਖ ਮੰਤਰੀ ਵਜੋਂ ਸੇਵਾ ਕਰਨ ਦਾ ਮੌਕਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪਾਰਟੀ ਪ੍ਰਧਾਨ ਜੇਪੀ ਨੱਡਾ ਦਾ ਧੰਨਵਾਦ ਕੀਤਾ। -ਪੀਟੀਆਈ
ਦਿੱਲੀ ਦੀ ਤਾਨਾਸ਼ਾਹ ਹਕੂਮਤ ਚੁਣਦੀ ਹੈ ਮੁੱਖ ਮੰਤਰੀ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਕਰਨਾਟਕ ਦੇ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਵੱਲੋਂ ਅਸਤੀਫਾ ਦਿੱਤੇ ਜਾਣ ਮਗਰੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲਿਆ ਤੇ ਦੋਸ਼ ਲਾਇਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਹੋਰ ਸ਼ਿਕਾਰ ਹਨ ਜਿਨ੍ਹਾਂ ਦਾ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਜਬਰੀ ਸੇਵਾਮੁਕਤ ਕਰਨ ਦਾ ਰਿਕਾਰਡ ਹੈ। ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਬਾਰੇ ਫ਼ੈਸਲਾ ਦਿੱਲੀ ਦੀ ਤਾਨਾਸ਼ਾਹ ਹਕੂਮਤ ਅਨੁਸਾਰ ਹੁੰਦਾ ਹੈ ਨਾ ਕਿ ਭਾਜਪਾ ਵਿਧਾਇਕਾਂ ਦੀ ਇੱਛਾ ਅਨੁਸਾਰ। ਉਨ੍ਹਾਂ ਟਵੀਟ ਕੀਤਾ ਕਿ ਮੋਦੀ ਜੀ ਨੇ ਬੀਐੱਸ ਯੇਦੀਯੁਰੱਪਾ ਨੂੰ ਅਸਤੀਫਾ ਦੇਣ ਦਾ ਹੁਕਮ ਦੇ ਕੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਮੋਦੀ ਜੀ ਸੀਨੀਅਰ ਆਗੂਆਂ ਦੀ ਬੇਇੱਜ਼ਤੀ ਕਰਦੇ ਹਨ ਤੇ ਉਨ੍ਹਾਂ ਨੂੰ ਇਤਿਹਾਸ ਦੇ ਕੂੜੇਦਾਨ ’ਚ ਸੁੱਟ ਦਿੰਦੇ ਹਨ। ਇਸੇ ਦੌਰਾਨ ਕਾਂਗਰਸ ਦੀ ਸੂਬਾਈ ਇਕਾਈ ਨੇ ਕਿਹਾ ਕਿ ਭਾਜਪਾ ਨੂੰ ਮੁੱਖ ਮੰਤਰੀ ਤੋਂ ਅਸਤੀਫ਼ਾ ਲੈਣ ਦੀ ਥਾਂ ਖ਼ੁਦ ਹੀ ਸੱਤਾ ਤੋਂ ਬਾਹਰ ਹੋਣਾ ਚਾਹੀਦਾ ਹੈ। ਸਾਬਕਾ ਮੁੱਖ ਮੰਤਰੀ ਤੇ ਵਿਰੋਧ ਧਿਰ ਦੇ ਆਗੂ ਸਿੱਧਾਰਮਈਆ ਨੇ ਕਿਹਾ ਕਿ ਕਰਨਾਟਕ ਵਿਚ ਭਾਜਪਾ ਸਰਕਾਰ ‘ਗ਼ੈਰਕਾਨੂੰਨੀ ਢੰਗ ਨਾਲ ਦਲ ਬਦਲੀ ਤੇ ਭ੍ਰਿਸ਼ਟਾਚਾਰ ਦੇ ਸਿਰ ਉਤੇ ਬਣੀ ਸੀ। ਕੋਈ ਫ਼ਾਇਦਾ ਨਹੀਂ ਹੋਵੇਗਾ ਜੇਕਰ ਇਕ ਭ੍ਰਿਸ਼ਟ ਮੁੱਖ ਮੰਤਰੀ ਨੂੰ ਬਦਲ ਕੇ ਦੂਜੇ ਨੂੰ ਲਾ ਦਿੱਤਾ ਜਾਂਦਾ ਹੈ।’ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਲੋਕਾਂ ਦੇ ਦੁੱਖਾਂ ਲਈ ਜ਼ਿੰਮੇਵਾਰ ਹੈ ਤੇ ਇਸ ਨੂੰ ਸੱਤਾ ਤੋਂ ਬਾਹਰ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਦੇ ਅਸਤੀਫ਼ੇ ਤੋਂ ਬਾਅਦ ਅੱਜ ਸ਼ਿਵਮੋਗਾ ਜ਼ਿਲ੍ਹੇ ਵਿਚ ਉਨ੍ਹਾਂ ਦਾ ਹਲਕਾ ਸ਼ਿਕਾਰੀਪੁਰਾ ਰੋਸ ਵਜੋਂ ਬੰਦ ਰਿਹਾ। ਇੱਥੋਂ ਉਹ ਸੱਤ ਵਾਰ ਵਿਧਾਇਕ ਰਹੇ ਹਨ। -ਪੀਟੀਆਈ