ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਐਲੋਪੈਥੀ (ਅੰਗਰੇਜ਼ੀ ਚਕਿਤਸਾ ਪ੍ਰਣਾਲੀ) ਤੇ ਇਸ ਵਿਧੀ ਰਾਹੀਂ ਇਲਾਜ ਕਰਨ ਵਾਲੇ ਡਾਕਟਰਾਂ ਦੀ ਨੁਕਤਾਚੀਨੀ ਕਰਨ ਬਦਲੇ ਯੋਗ ਗੁਰੂ ਰਾਮਦੇਵ ਦੀ ਝਾੜ-ਝੰਬ ਕੀਤੀ ਹੈ। ਸਿਖਰਲੀ ਕੋਰਟ ਨੇ ਕਿਹਾ ਕਿ ਯੋਗ ਗੁਰੂ ਨੂੰ ਡਾਕਟਰਾਂ ਅਤੇ ਇਲਾਜ ਦੀਆਂ ਹੋਰਨਾਂ ਵਿਧੀਆਂ ਬਾਰੇ ਮੰਦਾ-ਚੰਗਾ ਬੋਲਣ ਤੋਂ ਪ੍ਰਹੇਜ਼ ਕਰਨ ਤੇ ਜ਼ਾਬਤੇ ਵਿੱਚ ਰਹਿਣ ਦੀ ਲੋੜ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਭਾਰਤੀ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਵੱਲੋਂ ਦਾਇਰ ਪਟੀਸ਼ਨ ’ਤੇ ਕੇਂਦਰੀ ਸਿਹਤ ਮੰਤਰਾਲੇ, ਆਯੂਸ਼ ਮੰਤਰਾਲੇ ਤੇ ਪਤੰਜਲੀ ਆਯੁਰਵੈਦ ਲਿਮਟਿਡ ਤੋਂ ਜਵਾਬ ਮੰਗ ਲਿਆ ਹੈ। ਆਈਐੱਮਏ ਨੇ ਪਟੀਸ਼ਨ ਵਿੱਚ ਟੀਕਾਕਰਨ ਮੁਹਿੰਮ ਤੇ ਆਧੁਨਿਕ ਦਵਾਈਆਂ ਖਿਲਾਫ਼ ਕਥਿਤ ਦੁਰਪ੍ਰਚਾਰ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਚੀਫ਼ ਜਸਟਿਸ ਐੱਨ.ਵੀ.ਰਾਮੰਨਾ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ, ‘‘ਗੁਰੂ ਸਵਾਮੀ ਰਾਮਦੇਵ ਬਾਬਾ ਨੂੰ ਕੀ ਹੋਇਆ ਹੈ?…ਉਨ੍ਹਾਂ ਨੇ ਯੋਗ ਨੂੰ ਮਕਬੂਲ ਕੀਤਾ, ਜਿਸ ਕਰਕੇ ਅਸੀਂ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ। ਅਸੀਂ ਸਾਰੇ ਇਸ (ਯੋਗਾ) ਲਈ ਜਾਂਦੇ ਹਾਂ। ਪਰ, ਉਨ੍ਹਾਂ ਨੂੰ ਹੋਰਨਾਂ ਉਪਚਾਰ ਵਿਧੀਆਂ/ਪ੍ਰਣਾਲੀਆਂ ਦੀ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ। ਇਸ ਦੀ ਕੀ ਗਾਰੰਟੀ ਹੈ ਕਿ ਆਯੁਰਵੈਦ, ਜਾਂ ਜਿਸ ਉਪਚਾਰ ਪ੍ਰਣਾਲੀ ਦੀ ਉਹ ਵਕਾਲਤ ਕਰਦੇ ਹਨ, ਉਹ ਕੰਮ ਕਰੇਗੀ? ਤੁਸੀਂ ਇਸ਼ਤਿਹਾਰਾਂ ਦੀਆਂ ਕਿਸਮਾਂ ਵੇਖੋ, ਜਿਸ ਵਿੱਚ ਸਾਰੇ ਡਾਕਟਰਾਂ ’ਤੇ ਦੋਸ਼ ਲਾਏ ਗਏ ਹਨ ਜਿਵੇਂ ਕਿ ਉਹ ਕਾਤਲ ਜਾਂ ਫਿਰ ਕੁਝ ਹੋਰ ਹੋਣ।’ ਬੈਂਚ, ਜਿਸ ਵਿੱਚ ਜਸਟਿਸ ਹਿਮਾ ਕੋਹਲੀ ਤੇ ਜਸਟਿਸ ਸੀ.ਟੀ.ਰਵੀਕੁਮਾਰ ਵੀ ਸ਼ਾਮਲ ਸਨ, ਨੇ ਕਿਹਾ ਕਿ ਯੋਗ ਗੁਰੂ ‘ਡਾਕਟਰਾਂ ਤੇ (ਉਪਚਾਰ) ਪ੍ਰਣਾਲੀ ਬਾਰੇ ਮੰਦਾ ਚੰਗਾ ਨਹੀਂ ਬੋਲ ਸਕਦੇ…ਚੰਗਾ ਹੋਵੇ ਕਿ ਉਹ ਜ਼ਾਬਤੇ ਵਿੱਚ ਰਹਿਣ।’’ -ਪੀਟੀਆਈ