ਹਰਿਦੁਆਰ, 28 ਨਵੰਬਰ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਯੋਗ ਕਿਸੇ ਇਕ ਖਾਸ ਫਿਰਕੇ ਜਾਂ ਧਰਮ ਦਾ ਨਹੀਂ ਹੈ। ਉਨ੍ਹਾਂ ਯੋਗ ਦੇ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ ਬਾਬਾ ਰਾਮਦੇਵ ਦੀ ਸ਼ਲਾਘਾ ਕੀਤੀ। ਇਥੇ ਪਤੰਜਲੀ ਯੂਨੀਵਰਸਿਟੀ ਦੀ ਪਹਿਲੀ ਕਾਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਰਾਮਦੇਵ ਦਾ ਸਭ ਤੋਂ ਵੱਡਾ ਯੋਗਦਾਨ ਇਹ ਹੈ ਕਿ ਉਨ੍ਹਾਂ ਯੁੱਗਾਂ ਪੁਰਾਣੀ ਇਸ ਮਿੱਥ ਨੂੰ ਤੋੜਿਆ ਕਿ ਯੋਗ ਸਿਰਫ਼ ਸਾਧੂ-ਸੰਤਾਂ ਲਈ ਹੈ। ‘ਯੋਗ ਸਾਰਿਆਂ ਦਾ ਹੈ ਅਤੇ ਇਹ ਸਾਡੇ ਦਿਮਾਗ ਅਤੇ ਸ਼ਰੀਰ ਨੂੰ ਸਿਹਤਮੰਦ ਰੱਖਣ ਵਾਲੀ ਪ੍ਰਣਾਲੀ ਹੈ। ਅੱਜ ਲੋਕਾਂ ਨੂੰ ਰੇਲਵੇ ਸਟੇਸ਼ਨਾਂ ਦੇ ਵੇਟਿੰਗ ਰੂਮਾਂ ਅਤੇ ਹਵਾਈ ਅੱਡਿਆਂ ਦੇ ਲਾਊਂਜ ’ਚ ਅਨੂਲੋਮ-ਵਿਲੋਮ ਪ੍ਰਾਣਾਯਾਮ ਕਰਦਿਆਂ ਦੇਖਿਆ ਜਾ ਸਕਦਾ ਹੈ।’ ਉਨ੍ਹਾਂ ਕਿਹਾ ਕਿ ਯੋਗ ਹੁਣ ਪੂਰੀ ਦੁਨੀਆ ’ਚ ਕੀਤਾ ਜਾ ਰਿਹਾ ਹੈ ਅਤੇ ਇਸ ’ਚ ਧਰਮ ਜਾਂ ਸਿਆਸਤ ਨੂੰ ਨਹੀਂ ਦੇਖਿਆ ਜਾਂਦਾ ਹੈ। ਕਿਊਬਾ ਦੇ ਰਾਸ਼ਟਰਪਤੀ ਮਿਗੁਏਲ ਡਿਆਜ਼-ਕੇਨਲ ਦੀ ਮਿਸਾਲ ਦਿੰਦਿਆਂ ਸ੍ਰੀ ਕੋਵਿੰਦ ਨੇ ਕਿਹਾ ਕਿ ਉਨ੍ਹਾਂ ਭਾਰਤ ਵੱਲੋਂ ਮਨੁੱਖਤਾ ਨੂੰ ਯੋਗ ਦੇ ਰੂਪ ’ਚ ਦਿੱਤਾ ਗਿਆ ਸਭ ਤੋਂ ਵੱਡਾ ਤੋਹਫਾ ਕਰਾਰ ਦਿੱਤਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਡਿਗਰੀਆਂ ਵੀ ਵੰਡੀਆਂ। ਇਸ ਦੌਰਾਨ ਰਾਮਦੇਵ ਨੇ ਕਿਹਾ ਕਿ ਪਤੰਜਲੀ ਯੂਨੀਵਰਸਿਟੀ ਛੇਤੀ ਹੀ ਨਾਲੰਦਾ ਅਤੇ ਤਕਸ਼ਿਲਾ ਦੀ ਤਰਜ਼ ’ਤੇ ਇਕ ਆਲਮੀ ਪੱਧਰ ਦੀ ਯੂਨੀਵਰਸਿਟੀ ਬਣੇਗੀ ਜਿਥੇ ਦੁਨੀਆ ਭਰ ਤੋਂ ਲੋਕ ਸਿੱਖਿਆ ਲੈਣ ਲਈ ਆਉਣਗੇ। ਰਾਸ਼ਟਰਪਤੀ ਨੇ ਯੂਨੀਵਰਸਿਟੀ ਦੇ ਨਵੇਂ ਬਣੇ ਕੈਂਪਸ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਉੱਤਰਾਖੰਡ ਦੇ ਰਾਜਪਾਲ ਲੈਫ਼ਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ, ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਹਾਜ਼ਰ ਸਨ। ਸ਼ਾਮ ਵੇਲੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਗੰਗਾ ਦੇ ਤਟ ’ਤੇ ਆਰਤੀ ਵਿੱਚ ਸ਼ਾਮਲ ਹੋਏ। -ਪੀਟੀਆਈ