ਨਵੀਂ ਦਿੱਲੀ, 5 ਦਸੰਬਰ
ਨਾਗਾਲੈਂਡ ਦੇ ਮੌਨ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਵੱਲੋਂ ਕੀਤੀ ਗੋਲੀਬਾਰੀ ਵਿੱਚ 11 ਆਮ ਨਾਗਰਿਕਾਂ ਦੀਆਂ ਮੌਤਾਂ ਲਈ ਕੇਂਦਰ ਸਰਕਾਰ ਉੱਤੇ ਹੱਲਾ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਜਦੋਂ ਸਾਡੀ ਆਪਣੀ ਹੀ ਧਰਤੀ ਉਤੇ ਨਾ ਆਮ ਲੋਕ ਤੇ ਨਾ ਹੀ ਸੁਰੱਖਿਆ ਬਲ ਸੁਰੱਖਿਅਤ ਹਨ ਤਾਂ ਫਿਰ ਅਜਿਹੀ ਸਥਿਤੀ ਵਿੱਚ ਗ੍ਰਹਿ ਮੰਤਰੀ ਕੀ ਕਰ ਰਹੇ ਹਨ।
ਇਸ ਤੋਂ ਪਹਿਲਾਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਲਖਨਊ ਵਿੱਚ ਰੁਜ਼ਗਾਰ ਮੰਗਦੇ ਪ੍ਰਦਰਸ਼ਨਕਾਰੀਆਂ ਉੱਤੇ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਦੀ ਵੀ ਨਿਖੇਧੀ ਕੀਤੀ ਸੀ। ਰਾਹੁਲ ਨੇ ਯੂਪੀ ਸਰਕਾਰ ਨੂੰ ਇਕ ਟਵੀਟ ਰਾਹੀਂ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਲੋਕ ਵੋਟਾਂ ਵੇਲੇ ਭਾਜਪਾ ਦੇ ਇਸ ਵਰਤਾਰੇ ਨੂੰ ਯਾਦ ਰੱਖਣ। ਯਾਦ ਰਹੇ ਕਿ ਲਖਨਊ ਪੁਲੀਸ ਨੇ ਸ਼ਨਿੱਚਰਵਾਰ ਸ਼ਾਮ ਨੂੰ ਮੋਮਬੱਤੀ ਮਾਰਚ ਕੱਢ ਰਹੇ ਪ੍ਰਦਰਸ਼ਨਕਾਰੀਆਂ ਉੱਤੇ ਲਾਠੀਆਂ ਵਰ੍ਹਾਈਆਂ ਸਨ। ਪ੍ਰਦਰਸ਼ਨਕਾਰੀ 2019 ਯੂਪੀ ਅਧਿਆਪਕ ਦਾਖ਼ਲ ਪ੍ਰੀਖਿਆ ਵਿੱਚ ਕਥਿਤ ਬੇਨਿਯਮੀਆਂ ਦਾ ਵਿਰੋਧ ਕਰ ਰਹੇ ਸਨ। -ਪੀਟੀਆਈ