ਲਖਨਊ, 26 ਅਗਸਤ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਐਲਾਨ ਕੀਤਾ ਕਿ ਸਰਕਾਰ ਕਿਸਾਨਾਂ ਖ਼ਿਲਾਫ਼ ਦਰਜ ਕੇਸ ਵਾਪਸ ਲਵੇਗੀ ਅਤੇ ਉਨ੍ਹਾਂ ’ਤੇ ਪਰਾਲੀ ਸਾੜਨ ਦੇ ਮਾਮਲੇ ਵਿੱਚ ਲਾਏ ਜੁਰਮਾਨੇ ਰੱਦ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਗੰਨਾ ਉਤਪਾਦਕਾਂ ਦੇ ਬਕਾਇਆ ਕਰਜ਼ਿਆਂ ’ਤੇ ਲਕੀਰ ਫੇਰਨਗੇ ਅਤੇ ਉਸ ਦੀ ਸਰਕਾਰ ਹਿੱਤਧਾਰਕਾਂ ਨਾਲ ਵਿਚਾਰ ਵਟਾਂਦਰੇ ਮਗਰੋਂ ਗੰਨੇ ਦਾ ਸਮਰਥਨ ਮੁੱਲ ਵਧਾਏਗੀ। ਉਨ੍ਹਾਂ ਕਿਹਾ ਕਿ ਪੱਛਮੀ ਖੇਤਰ ਵਿੱਚ ਗੰਨੇ ਦੀ ਪਿੜਾਈ 20 ਅਕਤੂਬਰ, ਕੇਂਦਰੀ ਖਿੱਤੇ ਵਿੱਚ 25 ਅਕਤੂਬਰ ਅਤੇ ਪੂਰਬੀ ਖਿੱਤੇ ਵਿੱਚ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ। ਯੋਗੀ ਨੇ ਬੁੱਧਵਾਰ ਸ਼ਾਮ ਨੂੰ ਕਿਸਾਨਾਂ ਦੇ ਵਫ਼ਦ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਿਜਲੀ ਬਿੱਲ ਬਕਾਇਆ ਹੋਣ ਦੇ ਬਾਵਜੂਦ ਉਨ੍ਹਾਂ ਦੇ ਕੁਨੈਕਸ਼ਨ ਨਹੀਂ ਕੱਟੇ ਜਾਣਗੇ। ਸਰਕਾਰ ਬਿਜਲੀ ਬਕਾਇਆਂ ਦਾ ਵਿਆਜ ਮੁਆਫ਼ ਕਰਨ ਲਈ ਵਨ ਟਾਈਮ ਸੈਟਲਮੈਂਟ ਸਕੀਮ ਲੈ ਕੇ ਆਵੇਗੀ। -ਆਈਏਐੱਨਐੱਸ
ਪ੍ਰਿਯੰਕਾ ਗਾਂਧੀ ਨੇ ਕਿਸਾਨਾਂ ਦੇ ਮੁੱਦੇ ’ਤੇ ਯੋਗੀ ਨੂੰ ਭੰਡਿਆ
ਨਵੀਂ ਦਿੱਲੀ: ਅਗਲੇ ਸਾਲ ਹੋ ਰਹੀਆਂ ਉੱਤਰ ਪ੍ਰਦੇਸ਼ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੇ ਆਮ ਆਦਮੀ ਨਾਲ ਜੁੜੇ ਮੁੱਦਿਆਂ ਮਹਿੰਗਾਈ, ਕਿਸਾਨਾਂ ਦੇ ਮੁੱਦੇ, ਗੰਨਾ ਉਤਪਾਦਕਾਂ ਦੇ ਕਰਜ਼ੇ ਅਤੇ ਕੋਵਿਡ ਸਬੰੰਧੀ ਗ਼ਲਤ ਵਿਉਂਤਬੰਦੀ ਸਬੰਧੀ ਯੋਗੀ ਸਰਕਾਰ ਨੂੰ ਘੇਰਿਆ। ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਸੂਬਾਈ ਸਰਕਾਰ ’ਤੇ ਸ਼ਬਦੀ ਹਮਲਾ ਕਰਦਿਆਂ ਕਿ ਕਿਸਾਨਾਂ ਲਈ ਬਿਜਲੀ ਰੇਟ ਕਈ ਵਾਰ ਵਧਾਏ ਗਏ, 100 ਵਾਰ ਤਾਂ ਡੀਜ਼ਲ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਅਤੇ ਗੰਨੇ ਦੇ ਭਾਅ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਪ੍ਰਿਯੰਕਾ ਨੇ ਕਿਹਾ ਕਿ ਯੂਪੀ ਵਿੱਚ ਭਾਜਪਾ ਸਰਕਾਰ ਗੰਨਾ ਦਾ ਭਾਅ ਵਧਾਉਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਪਰ ਪਿਛਲੇ ਤਿੰਨ ਸਾਲਾਂ ਵਿੱਚ ਇਸ ਨੇ ਇਕ ਪੈਸਾ ਵੀ ਨਹੀਂ ਵਧਾਇਆ। ਜੇ ਕੋਈ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉਠਾਉਂਦਾ ਹੈ ਤਾਂ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ। -ਪੀਟੀਆਈ