ਨਵੀਂ ਦਿੱਲੀ, 12 ਅਗਸਤ
ਅੱਜ ਦੇ ਨੌਜਵਾਨ ਮਨੁੱਖ ਨਾਲੋਂ ਮਸਨੂਈ ਬੌਧਿਕਤਾ ਆਧਾਰਿਤ ਪ੍ਰਣਾਲੀ ’ਤੇ ਵਧੇਰੇ ਭਰੋਸਾ ਕਰਦੇ ਜਾ ਰਹੇ ਹਨ। ਵਿਸ਼ਵ ਆਰਥਿਕ ਫੋਰਮ (ਡਬਲਿਊਈਐੱਫ) ਨੇ ਆਪਣੀ ਰਿਪੋਰਟ ’ਚ ਇਹ ਦਾਅਵਾ ਕੀਤਾ ਹੈ। ਕੌਮਾਂਤਰੀ ਯੂਥ ਦਿਵਸ ਮੌਕੇ ਇਹ ਰਿਪੋਰਟ ਜਾਰੀ ਕੀਤੀ ਗਈ ਹੈ ਜੋ ਅੱਜ ਮਨਾਇਆ ਜਾ ਰਿਹਾ ਹੈ। ਡਬਲਿਊਈਐੱਫ ਨੇ ਇਕ ਮੁਹਿੰਮ ਚਲਾਈ ਜਿਸ ’ਚ ਭਾਰਤ ਸਮੇਤ 20 ਲੱਖ ਨੌਜਵਾਨਾਂ ਨੇ ਹਿੱਸਾ ਲਿਆ ਜਿਸ ’ਚ ਉਨ੍ਹਾਂ ਸਮਾਜ, ਸਰਕਾਰ ਅਤੇ ਕਾਰੋਬਾਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਰਵੇਖਣ ਮੁਤਾਬਕ ਨੌਜਵਾਨ ਮਹਿਸੂਸ ਕਰਦੇ ਹਨ ਕਿ ਸਿਆਸਤ ’ਚ ਗੰਭੀਰ ਸੰਕਟ ਹੈ ਖਾਸ ਕਰਕੇ ਵਾਤਾਵਰਨ ਬਦਲਾਅ ਦੀਆਂ ਨੀਤੀਆਂ ਅਤੇ ਆਰਥਿਕ ਨਾਬਰਾਬਰੀ ’ਚ ਵੱਡੀਆਂ ਖਾਮੀਆਂ ਹਨ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਨੌਜਵਾਨਾਂ ’ਚ ਭ੍ਰਿਸ਼ਟਾਚਾਰ ਅਤੇ ਸਿਆਸੀ ਲੀਡਰਸ਼ਿਪ ਨੂੰ ਲੈ ਕੇ ਕਈ ਖ਼ਦਸ਼ੇ ਹਨ। ਸਰਵੇਖਣ ’ਚ ਪਾਇਆ ਗਿਆ ਕਿ ਨੌਜਵਾਨ ਮਨੁੱਖ ਦੀ ਬਜਾਏ ਮਸਨੂਈ ਬੌਧਿਕਤਾ ’ਤੇ ਆਧਾਰਿਤ ਪ੍ਰਣਾਲੀ ’ਤੇ ਵਧੇਰੇ ਵਿਸ਼ਵਾਸ ਕਰਨਗੇ। ਉਨ੍ਹਾਂ ਸੁਝਾਅ ਦਿੱਤਾ ਹੈ ਕਿ ਪ੍ਰਗਤੀਸ਼ੀਲ ਆਵਾਜ਼ਾਂ ਨੂੰ ਸਰਕਾਰਾਂ ’ਚ ਸ਼ਾਮਲ ਹੋ ਕੇ ਅਸਰਅੰਦਾਜ਼ ਨੀਤੀ ਘਾੜੇ ਬਣਨਾ ਚਾਹੀਦਾ ਹੈ ਜਿਸ ਨਾਲ ਨੌਜਵਾਨਾਂ ਨੂੰ ਸਹਾਇਤਾ ਮਿਲੇਗੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਨੌਜਵਾਨ ਆਪਣੇ ਵਿੱਤੀ ਭਵਿੱਖ ਨੂੰ ਲੈ ਕੇ ਵੀ ਫਿਕਰਮੰਦ ਹਨ। -ਪੀਟੀਆਈ