ਪੁਣੇ, 1 ਅਗਸਤ
ਮਹਾਰਾਸ਼ਟਰ ਕਾਂਗਰਸ ਦੇ ਮੁਖੀ ਨਾਨਾ ਪਟੋਲੇ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਕੇਂਦਰ ਦੀਆਂ ਗਲਤ ਨੀਤੀਆਂ ਖ਼ਿਲਾਫ਼ ਲੜਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਆਜ਼ਾਦੀ ਦੀ ਨਵੀਂ ਜੰਗ ਹੋਵੇਗੀ। ਲੋਕਮਾਨਿਆ ਤਿਲਕ ਦੀ ਬਰਸੀ ਮੌਕੇ ਰੱਖੇ ਗਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪਟੋਲੇ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਲੋਕਾਂ ਦੀ ਆਜ਼ਾਦੀ ਨੂੰ ਖੋਹ ਰਹੀ ਹੈ ਅਤੇ ਭਾਜਪਾ ਨੇ ਕਦੇ ਵੀ ਆਜ਼ਾਦੀ ਲਈ ਸੰਘਰਸ਼ ’ਚ ਯੋਗਦਾਨ ਨਹੀਂ ਪਾਇਆ ਸੀ। ਉਨ੍ਹਾਂ ਦਾਅਵਾ ਕੀਤਾ,‘‘ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਨੇ ਤਿਲਕ ਖ਼ਿਲਾਫ਼ ਕੇਸ ਦਰਜ ਕੀਤੇ ਸਨ। ‘ਹੁਣ ਵੀ ਉਹੋ ਜਿਹੇ ਹਾਲਾਤ ਹਨ। ਮੀਡੀਆ ਘਰਾਣਿਆਂ ਨੂੰ ਮੋਦੀ ਸਰਕਾਰ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।’’ ਉਨ੍ਹਾਂ ਦੱਸਿਆ ਕਿ ਕਸ਼ਮੀਰ ਦੇ ਇਕ ਨੌਜਵਾਨ ਨੇ ਜਾਣਕਾਰੀ ਦਿੱਤੀ ਕਿ ਉਸ ਨੇ ਯੂਪੀਐੱਸਸੀ ਦੀ ਪ੍ਰੀਖਿਆ ਪਾਸ ਕਰਨ ਮਗਰੋਂ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ ਕਿਉਂਕਿ ਕੇਂਦਰ ਸਰਕਾਰ ਮੁਸਲਿਮ ਹੋਣ ਕਰਕੇ ਉਸ ਨੂੰ ਨਿਸ਼ਾਨਾ ਬਣਾ ਰਹੀ ਸੀ। ਉਨ੍ਹਾਂ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਵੱਲੋਂ ਜਵਾਹਰਲਾਲ ਨਹਿਰੂ ਦੀ ਸ਼ਾਂਤੀ ਪ੍ਰਤੀ ਨੀਤੀ ਖ਼ਿਲਾਫ਼ ਦਿੱਤੇ ਗਏ ਬਿਆਨ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਰਾਜ ਭਵਨ ਭਾਜਪਾ ਦੇ ਹੈੱਡਕੁਆਰਟਰ ਵਰਗਾ ਬਣ ਗਿਆ ਹੈ। -ਪੀਟੀਆਈ