ਲਖਨਊ, 22 ਨਵੰਬਰ
ਸਮਾਜਵਾਦੀ ਪਾਰਟੀ (ਸਪਾ) ਦੇ ਮੋਢੀ ਤੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਨੇ ਅੱਜ ਕਿਹਾ ਕਿ ਦੇਸ਼ ਵਿੱਚ ‘ਬਦਲਾਅ ਦੀ ਰਾਜਨੀਤੀ’ ਚੱਲ ਰਹੀ ਹੈ ਅਤੇ ਨੌਜਵਾਨਾਂ ਨੂੰ ਇਸ ਨੂੰ ਸਫਲ ਬਣਾਉਣਾ ਚਾਹੀਦਾ ਹੈ। ਮੁਲਾਇਮ ਯਾਦਵ ਆਪਣੇ 82ਵੇਂ ਜਨਮ ਦਿਨ ਸਬੰਧੀ ਇੱਥੇ ਸਪਾ ਹੈੱਡ ਕੁਆਰਟਰ ਵਿੱਚ ਰੱਖੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਉਧਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੁਲਾਇਮ ਯਾਦਵ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।
ਇਸ ਤੋਂ ਪਹਿਲਾਂ ਮੁਲਾਇਮ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਦਾ ਇੱਥੇ ਪਹੁੰਚਣ ’ਤੇ ਪਾਰਟੀ ਆਗੂਆਂ ਨੇ ਸਵਾਗਤ ਕੀਤਾ। ਪਾਰਟੀ ਦਫ਼ਤਰ ਨੇੜੇ ਵਿਕਰਮਾਦਿੱਤਿਆ ਮਾਰਗ ’ਤੇ ਮੁਲਾਇਮ ਸਿੰਘ ਨੂੰ ਜਨਮਦਿਨ ਦੀ ਵਧਾਈ ਦਿੰਦਾ ਹੋਰਡਿੰਗ ਵੀ ਲੱਗਿਆ ਹੋਇਆ ਸੀ। ਮੁਲਾਇਮ ਸਿੰਘ ਅੱਜ 83ਵੇਂ ਸਾਲ ਵਿੱਚ ਦਾਖ਼ਲ ਹੋ ਗਏ ਹਨ। ਉਨ੍ਹਾਂ ਇੱਥੇ ਪਾਰਟੀ ਹੈੱਡਕੁਆਰਟਰ ਵਿੱਚ 83 ਕਿਲੋਗ੍ਰਾਮ ਦਾ ਕੇਕ ਕੱਟਿਆ। ਮੁਲਾਇਮ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ‘ਬਦਲਾਅ ਦੀ ਰਾਜਨੀਤੀ’ ਚੱਲ ਰਹੀ ਹੈ ਅਤੇ ਜੋਸ਼ੋ-ਖਰੋਸ਼ ਨਾਲ ਭਰਪੂਰ ਨੌਜਵਾਨਾਂ ਨੂੰ ਇਸ ਨੂੰ ਸਫਲ ਬਣਾਉਣਾ ਚਾਹੀਦਾ ਹੈ। -ਪੀਟੀਆਈ