ਨਵੀਂ ਦਿੱਲੀ/ਤਿਰੂਵਨੰਤਪੁਰਮ, 9 ਜੁਲਾਈ
ਜ਼ੀਕਾ ਵਾਇਰਸ ਸਬੰਧੀ ਹਾਲਾਤ ’ਤੇ ਨਜ਼ਰ ਰੱਖਣ ਅਤੇ ਕੇਸਾਂ ਦੇ ਪ੍ਰਬੰਧਨ ਵਿਚ ਸੂਬਾ ਸਰਕਾਰ ਦੀ ਮਦਦ ਕਰਨ ਲਈ ਮਾਹਿਰਾਂ ਦੀ ਇਕ ਛੇ ਮੈਂਬਰੀ ਕੇਂਦਰੀ ਟੀਮ ਕੇਰਲ ਲਈ ਰਵਾਨਾ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਅੱਜ ਕੇਂਦਰੀ ਸਿਹਤ ਮੰਤਰਾਲੇ ਨੇ ਦਿੱਤੀ। ਇਸ ਦੱਖਣੀ ਰਾਜ ਵਿਚ ਹੁਣ ਤੱਕ ਜ਼ੀਕਾ ਵਾਇਰਸ ਦੇ 14 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ਕਰ ਕੇ ਇੱਥੇ ਅਲਰਟ ਜਾਰੀ ਕੀਤਾ ਗਿਆ ਹੈ।
ਇੱਥੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਵਿਚ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਦੱਸਿਆ, ‘‘ਕੇਰਲ ਵਿਚ ਜ਼ੀਕਾ ਵਾਇਰਸ ਦੇ ਕੁਝ ਮਾਮਲੇ ਸਾਹਮਣੇ ਆਏ ਹਨ। ਹਾਲਾਤ ’ਤੇ ਨਜ਼ਰ ਰੱਖਣ ਅਤੇ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਵਿਚ ਸੂਬਾ ਸਰਕਾਰ ਨੂੰ ਸਹਿਯੋਗ ਕਰਨ ਲਈ ਛੇ ਮੈਂਬਰਾਂ ਦੀ ਇਕ ਕੇਂਦਰੀ ਟੀਮ ਨੂੰ ਉੱਥੇ ਪਹੁੰਚਣ ਦੀ ਹਦਾਇਤ ਕੀਤੀ ਗਈ ਹੈ। ਇਸ ਟੀਮ ਵਿਚ ਜਨ ਸਿਹਤ ਮਾਹਿਰ, ਵੈਕਟਰ-ਬੌਰਨ ਡਿਜ਼ੀਜ਼ ਮਾਹਿਰ ਅਤੇ ਏਮਸ ਤੋਂ ਕਲੀਨਿਸ਼ੀਅਨ ਸ਼ਾਮਲ ਹਨ।
ਸੂਬਾ ਸਰਕਾਰ ਅਨੁਸਾਰ ਵੀਰਵਾਰ ਨੂੰ ਸਭ ਤੋਂ ਪਹਿਲਾਂ ਇਕ 24 ਸਾਲਾ ਗਰਭਵਤੀ ਔਰਤ ਵਿਚ ਮੱਛਰਾਂ ਤੋਂ ਫੈਲਣ ਵਾਲੀ ਇਹ ਬਿਮਾਰੀ ਪਾਈ ਗਈ ਸੀ। ਉਸ ਤੋਂ ਬਾਅਦ ਅੱਜ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੌਲੋਜੀ ਵੱਲੋਂ 13 ਹੋਰ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਜ਼ੀਕਾ ਵਾਇਰਸ ਦੇ ਲੱਛਣ ਡੇਂਗੂ ਵਾਂਗ ਹੀ ਹੁੰਦੇ ਹਨ ਜਿਨ੍ਹਾਂ ਵਿਚ ਬੁਖ਼ਾਰ, ਧੱਫੜ ਤੇ ਜੋੜਾਂ ਵਿਚ ਦਰਦ ਹੁੰਦਾ ਹੈ। ਕੇਰਲ ਦੇ ਸਿਹਤ ਮੰਤਰੀ ਵੀਨਾ ਜੌਰਜ ਦਾ ਕਹਿਣਾ ਹੈ ਕਿ ਜ਼ੀਕਾ ਨੂੰ ਫੈਲਣ ਤੋਂ ਰੋਕਣ ਲਈ ਇਕ ਕਾਰਜ ਯੋਜਨਾ ਤਿਆਰ ਕਰ ਲਈ ਗਈ ਹੈ। -ਪੀਟੀਆਈ