ਨਵੀਂ ਦਿੱਲੀ: ਭਾਰਤ ਦੀ ਫਾਰਮਾਸਿਊਟੀਕਲ ਕੰਪਨੀ ਜ਼ਾਇਡਸ ਕੈਡਿਲਾ ਨੇ ਆਪਣੀ ਕੋਵਿਡ-19 ਵੈਕਸੀਨ ਜ਼ਾਇਕੋਵ-ਡੀ ਦੀ ਹੰਗਾਮੀ ਹਾਲਾਤ ’ਚ ਵਰਤੋਂ ਲਈ ਭਾਰਤੀ ਡਰੱਗ ਕੰਟਰੋਲਰ ਜਨਰਲ ਕੋਲੋਂ ਪ੍ਰਵਾਨਗੀ ਮੰਗੀ ਹੈ। ਕੰਪਨੀ ਨੇ ਕਿਹਾ ਕਿ ਉਸ ਵੱਲੋਂ ਤਿਆਰ ਕੋਵਿਡ-19 ਵੈਕਸੀਨ ਦੇ ਭਾਰਤ ਵਿੱਚ 50 ਤੋਂ ਵੱਧ ਸੈਂਟਰਾਂ ਵਿੱਚ ਕਲੀਨਿਕਲ ਟਰਾਇਲ ਕੀਤੇ ਜਾ ਚੁੱਕੇ ਹਨ। ਕੈਡਿਲਾ ਹੈੱਲਥਕੇਅਰ ਦੇ ਪ੍ਰਬੰਧਕੀ ਨਿਰਦੇਸ਼ਕ ਡਾ.ਸ਼੍ਰਵਿਲ ਪਟੇਲ ਨੇ ਕਿਹਾ ਕਿ ਭਾਰਤੀ ਡਰੱਗ ਰੈਗੂਲੇਟਰ ਦੀ ਪ੍ਰਵਾਨਗੀ ਮਿਲਣ ਮਗਰੋਂ ਇਹ ਵੈਕਸੀਨ ਨਾ ਸਿਰਫ਼ ਬਾਲਗਾਂ ਬਲਕਿ 12 ਤੋਂ 18 ਸਾਲ ਦੇ ਉਮਰ ਵਰਗ ਦੇ ਕਿਸ਼ੋਰਾਂ ਲਈ ਵੀ ਮਦਦਗਾਰ ਹੋਵੇਗੀ। -ਪੀਟੀਆਈ