ਅਭੀਜੀਤ ਭੱਟਾਚਾਰੀਆ
ਰੂਸ ਵੱਲੋਂ ਬੀਤੇ ਸਾਲ ਫਰਵਰੀ ਮਹੀਨੇ ਯੂਕਰੇਨ ਉਤੇ ਕੀਤੇ ਹਮਲੇ ਤੋਂ ਐਨ ਪਹਿਲਾਂ ਬਰਤਾਨੀਆ ਦੇ ਰੱਖਿਆ ਮੰਤਰੀ ਬੈੱਨ ਵਾਲੇਸ ਨੇ ਆਖਿਆ ਸੀ, “ਸਕੌਟ ਗਾਰਡਜ਼ ਨੇ 1853 ਵਿਚ ਜ਼ਾਰ ਨਿਕੋਲਸ ਅਵਲ ਦੇ ਪਿੱਛਿਉਂ ਠੁੱਡਾ ਮਾਰਿਆ ਸੀ ਤੇ ਅਸੀਂ ਅਜਿਹਾ ਦੁਬਾਰਾ ਕਰ ਸਕਦੇ ਹਾਂ।” ਇੰਝ ਉਹ 21ਵੀਂ ਸਦੀ ਦੀ ਰੂਸ-ਯੂਕਰੇਨ ਜੰਗ ਦੀ ਤੁਲਨਾ 19ਵੀਂ ਸਦੀ ਦੀ ਜੰਗ ਨਾਲ ਕਰ ਰਹੇ ਸਨ। ਉਦੋਂ ਜ਼ਾਰ ਨੂੰ ਇੰਗਲੈਂਡ, ਫਰਾਂਸ ਤੇ ਔਟੋਮਨ ਸਲਤਨਤ ਦੀ ਸਾਂਝੀ ਫ਼ੌਜ ਖ਼ਿਲਾਫ਼ ਲੜਨਾ ਪਿਆ ਸੀ। ਇਸ ਤਰ੍ਹਾਂ ਰੂਸ ਦੀ ਅਤੀਤ ਵਿਚਲੀ ਹਾਰ ਤੇ ਕੌਮਾਂਤਰੀ ਇਤਹਾਦੀਆਂ ਦੀ ਕਮੀ ਨੂੰ ਤਨਜ਼ੀਆ ਢੰਗ ਨਾਲ ਅਜੋਕੇ ਦੌਰ ਨਾਲ ਮੇਲਣ ਲਈ ਇਸਤੇਮਾਲ ਕਰ ਕੇ ਮਾਸਕੋ ਨੂੰ ਖ਼ਬਰਦਾਰ ਕੀਤਾ ਗਿਆ ਸੀ ਕਿ ਇਤਿਹਾਸ ਖ਼ੁਦ ਨੂੰ ਦੁਹਰਾ ਸਕਦਾ ਹੈ।
ਬਰਤਾਨਵੀ ਰੱਖਿਆ ਮੰਤਰੀ ਨੇ ਜੋ ਕੁਝ ਆਖਿਆ, ਉਹ ਨਾ ਹੈਰਾਨੀਜਨਕ ਸੀ ਤੇ ਨਾ ਹੀ ਨਿਵੇਕਲਾ। ਜੰਗ ਪ੍ਰਤੀ ਯੂਰੋਪ ਦਾ ਹਮੇਸ਼ਾ ਹੀ ਭਿਆਨਕ ਮੋਹ ਰਿਹਾ ਹੈ। ਖ਼ੂਨ ਭਿੱਜੀਆਂ ਲੜਾਈਆਂ ਅਤੇ ਉਨ੍ਹਾਂ ਦੇ ਘਿਨਾਉਣੇ ਨਤੀਜਿਆਂ ਨੂੰ ਜੰਗੀ ਪੱਛਮ ਦੀ ਸ਼ਾਨ ਦੇ ਦਿਖਾਵੇ ਲਈ ਵਰਤਿਆ ਜਾਂਦਾ ਰਿਹਾ ਹੈ। ਯੂਰੋਪ ਦੇ ਬਹੁਤੇ ਨਾਮੀ ਤੇ ਗਿਆਨਵਾਨ ਵਿਦਵਾਨਾਂ, ਬੁੱਧੀਜੀਵੀਆਂ ਅਤੇ ਫਿਲਾਸਫਰਾਂ ਨੂੰ ਤਾਕਤ, ਜੰਗ ਤੇ ਹਿੰਸਾ ਨੇ ਲਗਾਤਾਰ ਮੋਹਿਆ ਹੈ ਅਤੇ ਉਨ੍ਹਾਂ ਨੇ ਇਨ੍ਹਾਂ ਦੀ ਅਹਿਮੀਅਤ ਬਾਰੇ ਖੁਲ੍ਹ ਕੇ ਗੱਲ ਕੀਤੀ ਹੈ।
ਮੈਕਿਆਵਲੀ ਨੇ ਸਾਫ਼ ਕਿਹਾ ਹੈ, “ਸਾਰੇ ਹਥਿਆਰਬੰਦ ਨਬੀ ਜੇਤੂ ਬਣੇ ਅਤੇ ਨਿਹੱਥੇ ਨਾਕਾਮ ਰਹੇ।” ਉਸ ਮੁਤਾਬਕ ਜੰਗ, ਤਾਕਤ ਅਤੇ ਪਾਖੰਡ ਆਪਸ ਵਿਚ ਜੁੜੇ ਹੋਏ ਹਨ। ਥੌਮਸ ਹੌਬਸ ਮੁਤਾਬਕ ਟਕਰਾਅ ਨਿਜੀ ਤੇ ਸਮੂਹਿਕ ਸੁਰੱਖਿਆ ਦੀ ਭਾਵਨਾ, ਲਾਲਚ ਤੇ ਤਾਕਤ ਹਾਸਲ ਕਰਨ ਦੀ ਇੱਛਾ ਵਿਚੋਂ ਪੈਦਾ ਹੁੰਦਾ ਹੈ ਤੇ ਹਰ ਬੰਦੇ ਦੀ ਜ਼ਿੰਦਗੀ ਬਾਕੀ ਸਾਰਿਆਂ ਖ਼ਿਲਾਫ਼ ਜੰਗ ਬਣ ਜਾਂਦੀ ਹੈ; ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਮਨੁੱਖੀ ਜੀਵਨ ਇਕੱਲਤਾ ਤੇ ਗੁਰਬਤ ਨਾਲ ਭਰਿਆ ਹੋਇਆ ਹੈ। ਜੀਨ-ਯਾਕ ਰੂਸੋ ਦੇ ਸਟੇਟ/ਰਿਆਸਤ ਦੀ ਤਾਕਤ ਬਾਰੇ ਵਿਚਾਰਾਂ ਨੇ ਸਾਰੇ ਸੰਸਾਰ ਨੂੰ ਪ੍ਰਭਾਵਿਤ ਕੀਤਾ। ਵਾਲਟੇਅਰ ਮੁਤਾਬਕ ਉਸ ਦਾ ‘ਨਾ-ਬਰਾਬਰੀ ਬਾਰੇ ਵਿਖਿਆਨ’ ਅਸਲ ਵਿਚ ‘ਇਨਸਾਨੀ ਨਸਲ ਦੇ ਖ਼ਿਲਾਫ਼’ ਸੀ। ਜਾਰਜ ਵਿਲਹੈਮ ਫਰੈਡਰਿਕ ਹੀਗਲ ਨੇ ਖੁੱਲ੍ਹੇ ਤੌਰ ‘ਤੇ ਨੈਪੋਲੀਅਨੀ ਜੰਗਾਂ ਦੀ ਤਾਰੀਫ਼ ਕੀਤੀ ਸੀ ਅਤੇ ਉਸ ਦਾ ਵਿਚਾਰ ਸੀ ਕਿ ਸਮੇਂ ਸਮੇਂ ਉਤੇ ਜੰਗਾਂ ਦਾ ਹੁੰਦੇ ਰਹਿਣਾ ਚੰਗਾ ਹੁੰਦਾ ਹੈ। ਯੂਰੋਪੀਅਨ ਸੋਚ ਦੇ ਇਨ੍ਹਾਂ ਸਾਰੇ ਪ੍ਰਗਟਾਵਿਆਂ ਵਿਚ ਇਕ ਗੱਲ ਸਾਫ਼ ਹੈ। ਇਨ੍ਹਾਂ ਵਿਚ ਸਵੈ-ਸਿੱਧ ਬੌਧਿਕ ਇਮਾਨਦਾਰੀ ਦਾ ਤੱਤ ਮੌਜੂਦ ਹੈ ਜਿਹੜਾ ਅਜਿਹੀ ਸਿਆਸੀ ਬੇਈਮਾਨੀ ਜੋ ਸਿਆਸੀ ਬਿਆਨਬਾਜ਼ੀ ਨੂੰ ਇਮਾਨਦਾਰ ਤੇ ਭਲੇ ਉੱਦਮ ਵਜੋਂ ਦਿਖਾਏ ਜਾਣ ਦੇ ਪਾਖੰਡ ਨੂੰ ਵਾਜਬ ਠਹਿਰਾਉਣ, ਇਸ ਦਾ ਪ੍ਰਚਾਰ ਕਰਨ ਜਾਂ ਬਚਾਅ ਕਰਨ ਪੱਖੋਂ ਉੱਤਮ ਜਾਪਦੀ ਹੈ।
ਇਸ ਪ੍ਰਸੰਗ ਵਿਚ ਲੰਬੇ ਸਮੇਂ ਤੋਂ ਜਾਰੀ ਰੂਸ-ਯੂਕਰੇਨ ਜੰਗ ਇਸ ਤਲਖ਼ ਹਕੀਕਤ ਨੂੰ ਜੱਗ ਜ਼ਾਹਿਰ ਕਰਦੀ ਹੈ ਕਿ ਅਨੈਤਿਕ ਜੰਗ ਤੱਕ ਵੀ ਪੱਛਮ ਦੀ ਸਦਾਚਾਰਕ ਤੇ ਨੈਤਿਕ/ਇਖ਼ਲਾਕੀ ਸਿਹਤ ਲਈ ਚੰਗੀ ਸਾਬਤ ਹੁੰਦੀ ਹੈ, ਕਿਉਂਕਿ ਉਨ੍ਹਾਂ ਲਈ ਤਬਾਹੀ, ਲਹੂ, ਪਸੀਨੇ ਅਤੇ ਵਿਧਵਾਵਾਂ, ਯਤੀਮਾਂ ਤੇ ਬੇਘਰਿਆਂ/ਬੇਸਹਾਰਿਆਂ ਦੇ ਹੰਝੂਆਂ ਤੋਂ ਦੌਲਤ ਬਣਾਉਣ ਅਤੇ ਵਪਾਰੀਆਂ ਤੇ ਦਲਾਲਾਂ/ਵਿਚੋਲਿਆਂ ਰਾਹੀਂ ਖੁੱਲ੍ਹੀ ਲੁੱਟ ਮਚਾਉਣ ਦੇ ਅਣਗਿਣਤ ਮੌਕੇ ਪੈਦਾ ਹੁੰਦੇ ਹਨ। ਖ਼ੁਰਾਕ ਦੀ ਕਮੀ ਵੀ ਮੁਨਾਫ਼ਾਖ਼ੋਰੀ ਦਾ ਸਾਧਨ ਬਣਦੀ ਹੈ, ਜਿਵੇਂ ਅਜਿਹਾ 1943 ਵਿਚ ਬੰਗਾਲ ਦੇ ਭਿਆਨਕ ਕਾਲ ਦੌਰਾਨ ਵਾਪਰਿਆ ਸੀ ਜਿਸ ਵਿਚ 30 ਲੱਖ ਜਾਨਾਂ ਜਾਂਦੀਆਂ ਰਹੀਆਂ ਸਨ। ਇਹ ਕਾਲ ਦੂਜੀ ਸੰਸਾਰ ਜੰਗ ਕਾਰਨ ਪਿਆ ਸੀ ਤੇ ਇਸ ਜੰਗ ਨੂੰ ਯੂਰੋਪ ਨੇ ਸੰਸਾਰ ਸਿਰ ਮੜ੍ਹਿਆ ਸੀ।
ਜਦੋਂ ਬੰਦੂਕਾਂ ਦੀ ਮੰਗ ਵਧਦੀ ਹੈ ਤਾਂ ਹਰ ਹਥਿਆਰ ਜਾਂ ਮਸ਼ੀਨ ਦੀ ਵਿਕਰੀ ਉਤੇ ਮੁਨਾਫ਼ਾ ਵੀ ਛਾਲਾਂ ਮਾਰ ਕੇ ਅਸਮਾਨ ਛੂੰਹਦਾ ਹੈ। ਇਸ ਸੂਰਤ ਵਿਚ ਫ਼ੌਜੀ ਸਾਜ਼ੋ-ਸਾਮਾਨ ਦੀ ਪੈਦਾਵਾਰ ਤੇ ਵਿਕਰੀ ਦੇ ਕਾਰੋਬਾਰ ਇੰਨੇ ਲੁਭਾਊ ਤੇ ਕਮਾਊ ਹੋ ਜਾਂਦੇ ਹਨ ਕਿ ਇਨ੍ਹਾਂ ਦਾ ਲਾਲਚ ਤਿਆਗਿਆ ਨਹੀਂ ਜਾ ਸਕਦਾ। ਹੁਣ ਜਿਵੇਂ ਬੜੇ ਲੰਮੇ ਅਰਸੇ ਬਾਅਦ ‘ਅਸਲੀ’ ਜੰਗ ਯੂਰੋਪੀਅਨ ਸਰਜ਼ਮੀਨ ਉਤੇ ਆਈ ਹੈ ਤਾਂ ਇਸ ਨਾਲ ਨਿਵੇਸ਼ ਪੱਖੋਂ ਵੱਡੇ ਪੱਧਰ ‘ਤੇ ਲਾਭ ਹੋ ਰਹੇ ਹਨ। ਇੰਨਾ ਹੀ ਨਹੀਂ, ਜੇ ਜੰਗ ਤਕੜੇ ਲੜਾਕਿਆਂ ਦਰਮਿਆਨ ਹੋਵੇ ਤਾਂ ਇਹ ਭਾਰੀ ਮੁਨਾਫ਼ਿਆਂ ਦੀ ਗਾਰੰਟੀ ਹੁੰਦੀ ਹੈ ਕਿਉਂਕਿ ਦੋਵਾਂ ਕੋਲ ਹੀ ਟਕਰਾਅ ਨੂੰ ਲੰਮਾ ਖਿੱਚਣ ਦੇ ਵਸੀਲੇ ਹੁੰਦੇ ਹਨ। ਇਸ ਦੇ ਉਲਟ ਤੀਜੀ ਦੁਨੀਆ ਦੇ ਮੁਲਕਾਂ ਵਿਚ ਹੋਣ ਵਾਲੀਆਂ ਛੋਟੀਆਂ ਜੰਗਾਂ ਮੁਨਾਫ਼ੇ ਦੀ ਕਮਾਈ ਘਟਾਉਂਦੀਆਂ ਹਨ ਕਿਉਂਕਿ ਉਹ ਘੱਟ ਤਬਾਹਕੁਨ ਹੁੰਦੀਆਂ ਹਨ। ਇਸੇ ਤਰ੍ਹਾਂ 20 ਸਾਲਾਂ ਤੱਕ ਚੱਲੀ ਅਫ਼ਗ਼ਾਨ ਜੰਗ ਦੇ ਅਗਸਤ 2021 ਵਿਚ ਮੁੱਕ ਜਾਣ ਨਾਲ ਹਥਿਆਰ ਤੇ ਗੋਲੀ-ਸਿੱਕਾ ਬਣਾਉਣ ਵਾਲੇ ਕਾਰੋਬਾਰੀਆਂ ਨੂੰ ਭਾਰੀ ਘਾਟਾ ਪਿਆ।
ਬਿਨਾ ਸ਼ੱਕ ਰੂਸ ਗ਼ਲਤ ਰਾਹ ‘ਤੇ ਹੈ ਤੇ ਉਸ ਦੀ ਆਲੋਚਨਾ ਵਾਜਬ ਹੈ। ਇਸ ਦੇ ਬਾਵਜੂਦ ਰੂਸੀ ਗ਼ਲਤੀਆਂ ਵੀ ਸੁਆਲ ਖੜ੍ਹੇ ਕਰਦੀਆਂ ਹਨ। ਆਖ਼ਰ ਮਾਸਕੋ ਕਿਉਂ ਇਸ ਦੁਸ਼ਮਣੀ ਭਰੇ ਰਾਹ ‘ਤੇ ਤੁਰਿਆ ਹੈ ਜਿਥੋਂ ਜਾਪਦਾ ਹੈ ਕਿ ਪਿੱਛੇ ਨਹੀਂ ਮੁੜਿਆ ਜਾ ਸਕਦਾ? ਇਸ ਦਾ ਤੀਜਾ ਹਿੱਸਾ ਜਵਾਬ ਭਾਵੇਂ ਬਰਤਾਨਵੀ ਰੱਖਿਆ ਮੰਤਰੀ ਨੇ 1853 ਦੀ ਕ੍ਰਾਇਮੀਆ ਜੰਗ ਬਾਰੇ ਆਪਣੀ ਟਿੱਪਣੀ ਵਿਚ ਦੇ ਦਿੱਤਾ ਸੀ ਪਰ ਤਾਂ ਵੀ ਬਾਕੀ ਦੋ ਤਿਹਾਈ ਜਵਾਬ ਨੂੰ ਵੀ ਅਣਦਿੱਤਾ ਨਹੀਂ ਛੱਡਦਾ ਕਿਉਂਕਿ ਇਹ ਜਵਾਬ 1810ਵਿਆਂ ਤੋਂ ਲੈ ਕੇ 1940ਵਿਆਂ ਤੱਕ ਦੀਆਂ ਘਟਨਾਵਾਂ ਵਿਚ ਪਿਆ ਹੈ।
ਰੂਸ ਨੇ ਲਗਾਤਾਰ ਦੋ ਸਦੀਆਂ ਦੌਰਾਨ ਸਮੁੱਚੇ ਪੱਛਮ ਨੂੰ ਇਨਸਾਨੀ ਜਾਤ ਦੀਆਂ ਦੋ ਯੂਰੋਪੀਅਨ ਆਫ਼ਤਾਂ (ਨੈਪੋਲੀਅਨ ਤੇ ਹਿਟਲਰ) ਹੱਥੋਂ ਤਬਾਹ ਹੋ ਜਾਣ ਤੋਂ ਬਚਾਇਆ। ਸੱਚਮੁੱਚ ਇਸ ਨੇ ਨੈਪੋਲੀਅਨ ਦੀ ਖ਼ੂਨ-ਪੀਣੀ ‘ਗਰੈਂਡ ਆਰਮੀ’ ਨੂੰ ਬੋਰੋਦੀਨੋ (ਸਤੰਬਰ 1812) ਤੇ ਲੀਪਜ਼ਿਗ (ਅਕਤੂਬਰ 1813) ਦੀਆਂ ਲੜਾਈਆਂ ਵਿਚ ਦਰੜ ਸੁੱਟਿਆ ਸੀ ਤੇ ਅਜਿਹਾ ਜੂਨ 1815 ਵਿਚ ਨੈਪੋਲੀਅਨ ਦੀ ਕਮਜ਼ੋਰ ਪੈ ਚੁੱਕੀ ਫਰਾਂਸੀਸੀ ਫ਼ੌਜ ਉਤੇ ਵਾਟਰਲੂ ਦੀ ਲੜਾਈ ਵਿਚ ਵੈਲਿੰਗਟਨ ਦੇ ਡਿਊਕ ਵੱਲੋਂ ਦਰਜ ਕੀਤੀ ਜਿੱਤ ਤੋਂ ਬਹੁਤ ਪਹਿਲਾਂ ਹੋ ਚੁੱਕਾ ਸੀ। ਨੈਪੋਲੀਅਨੀ ਜੰਗਾਂ ਤੋਂ ਲੈ ਕੇ ਦੋ ਸੰਸਾਰ ਜੰਗਾਂ ਤੱਕ ਅਤੇ 1990ਵਿਆਂ ਦੇ ਬਾਲਕਨੀਕਰਨ ਤੋਂ ਲੈ ਕੇ ਮੌਜੂਦਾ ਯੂਕਰੇਨ ਜੰਗ ਤੱਕ ਸਾਰੇ ਹਾਲਾਤ ਅੰਤਰ-ਯੂਰੋਪੀਅਨ ਟਕਰਾਵਾਂ ਦੀ ਸਿਰਜਣਾ ਕਰਦੇ ਹਨ, ਲਗਾਤਾਰ ਮਹਾਂਦੀਪੀ ਖ਼ਾਨਾਜੰਗੀਆਂ ਵਾਂਗ। ਇਸ ਦੇ ਬਾਵਜੂਦ ਗ਼ੈਰ-ਯੂਰਪੀ ਸੰਸਾਰ ਨੂੰ ਗਿਣਮਿੱਥ ਕੇ ਇਨ੍ਹਾਂ ਆਪਸੀ ਝਗੜਿਆਂ ਵਿਚ ਘੜੀਸਿਆ ਗਿਆ ਜਿਸ ਨਾਲ ਯੂਰੋਪ ਨੂੰ ਆਲਮੀ ਮਾਮਲਿਆਂ ਵਿਚ ਮੋਹਰੀ ਪੁਜ਼ੀਸ਼ਨ ਹਾਸਲ ਹੋਈ।
ਇਸ ਲਈ ਰੂਸ-ਯੂਕਰੇਨ ਜੰਗ ਦਾ ਅਗਾਂਹ ਕੀ ਹੋਵੇਗਾ? ਕੀ ਕੋਈ ਹੱਲ ਸੰਭਵ ਹੈ? ਜਾਂ ਫਿਰ ਇਹ ਇਕ ਵਾਰੀ ਫਿਰ ਤੋਂ ਸਮੁੱਚੇ ਯੂਰੋਪ ਤੇ ਬਾਕੀ ਸੰਸਾਰ ਨੂੰ ਇਕ ਹੋਰ ਆਲਮੀ ਜੰਗ ਵਿਚ ਖਿੱਚ ਲਵੇਗਾ? ਯੂਰੋਪ ਦੁਖੀ ਹੈ ਕਿਉਂਕਿ ਜੰਗ ਦੇ ਥਕੇਵੇਂ ਅਤੇ ਮਾਲੀ ਮੰਦਵਾੜੇ ਨੇ ਪਹਿਲਾਂ ਹੀ ਇਕ ਤਰ੍ਹਾਂ ਇਸ ਦੇ ਕੋਨੇ ਕੋਨੇ ਨੂੰ ਬੁਰੀ ਤਰ੍ਹਾਂ ਜਕੜ ਲਿਆ ਹੈ। ਇਸ ਲਈ ਜਰਮਨੀ ਦੇ ਡਿਊਸ਼ ਬੈਂਕ ਨੇ ਅਮਰੀਕੀ ਬੈਂਕਾਂ ਤੋਂ ਕਰਜ਼ ਲੈਣ ਵਿਚਲੇ ਜੋਖ਼ਮਾਂ ਸਬੰਧੀ ਖ਼ਬਰਦਾਰ ਕੀਤਾ ਹੈ ਅਤੇ ਜਰਮਨੀ ਦੀ ਸਾਬਕਾ ਚਾਂਸਲਰ ਐਂਜਲਾ ਮਾਰਕਲ ਨੇ ਮੰਨਿਆ ਹੈ ਕਿ ਠੰਢੀ ਜੰਗ ਕਦੇ ਖ਼ਤਮ ਨਹੀਂ ਹੋਈ। ਰੂਸ ਦੇ ਗੁਆਂਢ ਵਿਚ ਨਾਟੋ ਦੇ ਹੋ ਰਹੇ ਪਸਾਰ ਦੇ ਮੱਦੇਨਜ਼ਰ ਰੂਸ ਦੀ ਸੁਰੱਖਿਆ ਸਬੰਧੀ ਗਾਰੰਟੀ ਉਤੇ ਗ਼ੌਰ ਕੀਤੇ ਜਾਣ ਲਈ ਫਰਾਂਸ ਦੇ ਸਦਰ ਅਮੈਨੂਅਲ ਮੈਕਰੌਂ ਵੱਲੋਂ ਵਾਰ ਵਾਰ ਜ਼ੋਰ ਦੇਣ ਕਾਰਨ ਉਸ ਨੂੰ ਲਾਹਣਤਾਂ ਪਾਈਆਂ ਜਾ ਰਹੀਆਂ ਹਨ।
ਫਰਾਂਸ ਯਕੀਨਨ ਚੰਗੀ ਤਰ੍ਹਾਂ ਜਾਣਦਾ ਹੈ ਕਿ ਪਹਿਲੀ ਸੰਸਾਰ ਜੰਗ ਤੋਂ ਬਾਅਦ ਹੋਈ ਵਰਸਾਏ ਦੀ ਸੰਧੀ ਵਿਚ ਹਾਰੇ ਹੋਏ ਜਰਮਨੀ ਨੂੰ ਬੇਇੱਜ਼ਤ ਕੀਤੇ ਜਾਣ ਦੀ ਇਤਿਹਾਸਕ ਬੇਵਕੂਫ਼ੀ ਨੇ ਦੂਜੀ ਸੰਸਾਰ ਜੰਗ ਦੇ ਬੀਜ ਬੀਜ ਦਿੱਤੇ ਸਨ। ਅਮਰੀਕਾ ਦੀ ਆਲੋਚਨਾ ਯੂਰੋਪੀਅਨ ਯੂਨੀਅਨ ਦੇ ਸਿਖਰਲੇ ਸਫ਼ੀਰ ਜੋਸੇਪ ਬੋਰੇਲ ਰਾਹੀਂ ਆਈ ਜਿਸ ਨੇ ਕਿਹਾ: “ਅਮਰੀਕੀ, ਸਾਡੇ ਦੋਸਤ, ਅਜਿਹੇ ਫ਼ੈਸਲੇ ਕਰਦੇ ਹਨ ਜਿਨ੍ਹਾਂ ਦਾ ਸਾਡੇ ਉਤੇ ਆਰਥਿਕ ਪ੍ਰਭਾਵ ਪੈਂਦਾ ਹੈ।” ਯੂਰੋਪੀਅਨ ਯੂਨੀਅਨ ਨੇ ਵਾਸ਼ਿੰਗਟਨ ਉਤੇ ਯੂਕਰੇਨ ਜੰਗ ਤੋਂ ਨਫ਼ਾ ਕਮਾਉਣ/ਮੁਨਾਫ਼ਾਖ਼ੋਰੀ ਕਰਨ ਦਾ ਦੋਸ਼ ਵੀ ਲਾਇਆ ਹੈ। ਇਸ ਦੇ ਨਾਲ ਹੀ ਇਕ ਹੋਰ ਵਧੇਰੇ ਗੰਭੀਰ ਸਰਬੀਆ ਤੇ ਕੋਸੋਵੋ ਦਰਮਿਆਨ ਵਧਦਾ ਹੋਇਆ ਅੰਤਰ-ਯੂਰੋਪੀਅਨ ਟਕਰਾਅ ਹੈ। ਸਰਬੀਆ (ਸਾਬਕਾ ਯੂਗੋਸਲਾਵੀਆ) ਉਤੇ 1990ਵਿਆਂ ਦੌਰਾਨ ਨਾਟੋ ਨੇ ਹਮਲਾ ਕਰ ਕੇ ਇਸ ਨੂੰ ਸੱਤ ਹਿੱਸਿਆਂ ਵਿਚ ਵੰਡ ਦਿੱਤਾ ਸੀ। ਇਸ ਕਾਰਨ ਸਰਬੀਆ ਵੀ ਰੂਸ ਵਾਂਗ ਹੀ ਦਿਲ ਵਿਚ ਟੀਸ ਰੱਖਦਾ ਹੋਇਆ ਬਦਲਾ ਲੈਣ ਦਾ ਚਾਹਵਾਨ ਹੈ।
ਇਉਂ ਅਸਲ ਵਿਚ ਇਕੋ ਸਮੇਂ ਦੋ ਬਾਲਕਾਨ ਜੰਗਾਂ ਦਾ ਖ਼ਦਸ਼ਾ ਹੈ ਕਿਉਂਕਿ ਇਹ ਖ਼ਿੱਤਾ ਯੂਰੋਪ ਦੀ ‘ਵਿਸਫੋਟਕ ਹਾਲਤ ਵਾਲੀ ਥਾਂ’ ਹੈ ਜਿਥੇ ਨਸਲੀ ਘੱਟਗਿਣਤੀਆਂ ਨਾਲ ਸਬੰਧਿਤ ਮੁੱਦੇ ਵਾਰ ਵਾਰ ਟਕਰਾਅ ਪੈਦਾ ਕਰਦੇ ਹਨ। ਕੁੱਲ ਮਿਲਾ ਕੇ ਰੂਸ-ਯੂਕਰੇਨ ਜੰਗ ਦਾ ਪੱਧਰ ਉੱਚਾ ਉਠਾਏ ਜਾਣ ਨਾਲ ਸਿਰਫ਼ ਮੁਨਾਫ਼ਾਖ਼ੋਰ ਬ੍ਰਿਗੇਡ ਲਈ ਜੰਗੀ ਸਾਜ਼ੋ-ਸਾਮਾਨ ਤੇ ਹਥਿਆਰਾਂ ਦੀ ਵਿਕਰੀ ਰਾਹੀਂ ਭਾਰੀ ਰਕਮਾਂ ਕਮਾਉਣ ਦਾ ਰਾਹ ਹੀ ਪੱਧਰਾ ਹੋਵੇਗਾ।
*ਲੇਖਕ ਵਿਸ਼ਲੇਸ਼ਕ ਹੈ।