ਗੁਰਪ੍ਰੀਤ ਸਿੰਘ ਤੂਰ
ਖੇਤੀ ਨੀਤੀ ਤਿਆਰ ਕਰਨ ਹਿੱਤ ਸਰਕਾਰ ਨੇ ਕਿਸਾਨਾਂ ਤੋਂ ਜਾਣਕਾਰੀ ਹਾਸਲ ਕਰਨ ਲਈ ਪਹਿਲੀ ਸਰਕਾਰ-ਕਿਸਾਨ ਮਿਲਣੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਚ ਕੀਤੀ ਸੀ। ਮਿਲਣੀ ਵਿਚ ਮੁੱਖ ਮੰਤਰੀ, ਖੇਤੀ ਤੇ ਪਸ਼ੂ ਪਾਲਣ ਮੰਤਰੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਇਸੇ ਮਕਸਦ ਲਈ ਦੂਸਰੀ ਮਿਲਣੀ 11 ਮਈ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਅਤੇ 12 ਮਈ ਨੂੰ ਹੁਸ਼ਿਆਰਪੁਰ ਵਿਚ ਹੋਈ। ਇਸ ਨਿਵੇਕਲੀ ਪਹਿਲਕਦਮੀ ਵਿਚ ਸਰਕਾਰ ਨੇ ਪਰਵਾਸੀ ਭਾਰਤੀ ਕਿਸਾਨਾਂ ਤੇ ਕਿਸਾਨੀ ਯੋਜਨਾਕਾਰਾਂ ਨੂੰ ਵੀ ਸੱਦਾ ਦਿੱਤਾ ਤਾਂ ਕਿ ਉਨ੍ਹਾਂ ਦੇ ਤਜਰਬਿਆਂ ਦਾ ਲਾਭ ਉਠਾਇਆ ਜਾ ਸਕੇ। ਅਮਰੀਕਾ, ਕੈਨੇਡਾ, ਆਸਟਰੇਲੀਆ, ਜ਼ਾਂਬੀਆ ਤੇ ਤਨਜ਼ਾਨੀਆਂ ਤੋਂ 15 ਅਗਾਂਹਵਧੂ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਦੀਆਂ ਸੰਘਰਸ਼ਸ਼ੀਲ ਕਹਾਣੀਆਂ ਪੰਜਾਬੀਆਂ ਖਾਸ ਤੌਰ ‘ਤੇ ਕਿਸਾਨਾਂ ਤੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ।
ਦੂਜੀ ਮਿਲਣੀ ਦੌਰਾਨ ਖੇਤੀ ਮੰਤਰੀ ਨੇ ਸਖ਼ਤ ਮਿਹਨਤ ‘ਤੇ ਜ਼ੋਰ ਦਿੱਤਾ, “ਮੇਰਾ ਇੱਕ ਦੋਸਤ ਹੈ ਰਾਜ ਕੁਮਾਰ, ਯੂਬਾ ਸਿਟੀ ਰਹਿੰਦਾ ਜੋ 20,000 ਏਕੜ ਅਖਰੋਟਾਂ ਦੀ ਖੇਤੀ ਕਰਦਾ ਹੈ। ਪਿੱਛੋਂ ਉਹ ਹੁਸ਼ਿਆਰਪੁਰ ਤੋਂ ਹੈ। ਉਹ ਮੈਨੂੰ ਕਹਿੰਦਾ- ‘ਮੇਰਾ ਤਾਂ ਸੂਰਜ ਨਾਲ ਰਿਸ਼ਤਾ ਹੈ, ਉਹਦੇ ਚੜ੍ਹਨ ਤੋਂ ਪਹਿਲਾਂ ਮੈਂ ਕੰਮ ਲੱਗ ਜਾਂਦਾ ਹਾਂ ਤੇ ਛੁਪਣ ਤੋਂ ਬਾਅਦ ਘਰ ਮੁੜਦਾ ਹਾਂ। ਨਿੱਤ ਛੁਪਦੇ ਸੂਰਜ ਨੂੰ ਕਹਿੰਦਾ ਹਾਂ, ਤੇਰੇ ਆਉਣ ਤੋਂ ਪਹਿਲਾਂ ਖੇਤ ਹੋਵਾਂਗਾ, ਮੇਰੀਆਂ ਤਾਂ ਨਿੱਤ ਸੂਰਜ ਨਾਲ ਸ਼ਰਤਾਂ’।… ਉਸ ਨੇ ਪਿਛਲੇ 25 ਵਰ੍ਹਿਆਂ ਤੋਂ ਕਦੇ ਛੁੱਟੀ ਨਹੀਂ ਕੀਤੀ।” ਮੰਤਰੀ ਨੇ ਆਖਿਆ ਕਿ ਵਰਕ ਕਲਚਰ ਸਾਨੂੰ ਪਰਵਾਸੀ ਭਰਾਵਾਂ ਤੋਂ ਸਿੱਖਣਾ ਚਾਹੀਦਾ। ਉਨ੍ਹਾਂ ਪਰਵਾਸੀ ਭਾਰਤੀਆਂ ਦੀ ਅਹਿਮੀਅਤ ਉਜਾਗਰ ਕਰਦਿਆਂ ਕਿਹਾ, “ਮੇਰਾ ਯਕੀਨ ਹੈ ਕਿ ਪਰਵਾਸੀ ਭਾਰਤੀ ਪੰਜਾਬ ਨੂੰ ਮੌਜੂਦਾ ਸੰਕਟ ‘ਚੋਂ ਬਾਹਰ ਕੱਢਣ ਦੇ ਸਮਰੱਥ ਹਨ। ਖੇਤੀ ਨੂੰ ਕਾਮਯਾਬ ਕਰਨ ਲਈ ਪਰਵਾਸੀ ਭਾਰਤੀਆਂ ਨਾਲ ਸਾਂਝ ਤੇ ਅਦਾਨ-ਪ੍ਰਦਾਨ ਜ਼ਰੂਰੀ ਹੈ।”
ਆਗਿਆਕਾਰ ਸਿੰਘ ਗਰੇਵਾਲ ਲੁਧਿਆਣਾ ਜ਼ਿਲ੍ਹੇ ਦੇ ਮਨਸੂਰਾਂ ਪਿੰਡ ਦੇ ਰਹਿਣ ਵਾਲੇ ਹਨ। ਉਹ 1988 ਵਿਚ ਨਿਊਜ਼ੀਲੈਂਡ ਗਏ ਅਤੇ ਆਪਣੇ ਦੋ ਭਰਾਵਾਂ ਸਮੇਤ 2000 ਵਿਚ ਆਸਟਰੇਲੀਆ ਵੱਸ ਗਏ। ਉਨ੍ਹਾਂ ਨਰਸਰੀ ਵਿਚ ਮਜ਼ਦੂਰ ਵਜੋਂ ਕੰਮ ਸ਼ੁਰੂ ਕੀਤਾ ਤੇ ਅੱਜ ਆਟੇ ਦੇ ਜਾਣੇ-ਪਛਾਣੇ ਸਪਲਾਇਰ ਹਨ। 2002 ਵਿਚ ਅੰਗੂਰਾਂ ਦਾ 18 ਏਕੜ ਦਾ ਬਾਗ ਖਰੀਦਿਆ ਤੇ ਪਹਿਲੇ ਵਰ੍ਹੇ ਵਾਈਨ ਅੰਗੂਰਾਂ ਦੀ ਭਰਪੂਰ ਫ਼ਸਲ ਸਵਾ ਲੱਖ ਡਾਲਰ ਦਾ ਮੁਨਾਫਾ ਦੇ ਗਈ। 18 ਤੇ ਫੇਰ 25 ਏਕੜ, ਦੋ ਵਰ੍ਹਿਆਂ ਵਿਚ ਉਨ੍ਹਾਂ ਨੇ ਦੋ ਖੇਤ ਹੋਰ ਖਰੀਦੇ ਤੇ ਛੇਤੀ ਹੀ 3000 ਏਕੜ ਜ਼ਮੀਨ ਲੀਜ਼ ਤੇ ਲੈ ਕੇ ਲੰਮੀ ਉਡਾਣ ਭਰੀ। 2007 ਵਿਚ ਆਸਟਰੇਲੀਆ ਵਿਚ ਸੋਕਾ ਸ਼ੁਰੂ ਹੋਇਆ। ਅਨਾਜ ਦੀ ਪੈਦਾਵਾਰ ਘਟ ਗਈ। ਲੀਜ਼ ਦੀ ਜ਼ਮੀਨ ਦਾ ਵੱਡਾ ਆਰਥਿਕ ਬੋਝ ਸੀ। ਉਹ ਵਾਪਸ ਦੇਸ਼ ਪਰਤੇ ਅਤੇ ਪੁੜਾਂ ਸਮੇਤ ਚੱਕੀ ਦਾ ਸਾਰਾ ਸਮਾਨ ਸਮੁੰਦਰੀ ਰਸਤੇ ਰਾਹੀਂ ਆਸਟਰੇਲੀਆ ਲੈ ਗਏ। ਛੇਤੀ ਹੀ ਉਹ ਬੇਸਨ, ਕਣਕ ਤੇ ਮੱਕੀ ਦੇ ਆਟੇ ਦੀਆਂ ਥੈਲੀਆਂ ਵੇਚਣ ਲੱਗੇ। ਸੋਕੇ ਦੀ ਪੈਦਾਵਾਰ ਵਿਚ ਪ੍ਰੋਟੀਨ ਤੇ ਮਿਠਾਸ ਦੀ ਮਾਤਰਾ ਵੱਧ ਹੁੰਦੀ ਹੈ। ਇਸੇ ਸੁਆਦ ਨੇ ਉਨ੍ਹਾਂ ਨੂੰ ਸਫ਼ਲਤਾ ਦੇ ਰਾਹ ਪਾ ਦਿੱਤਾ। ਛੇਤੀ ਹੀ ਮੈਲਬਰਨ ਸ਼ਹਿਰ ਵਿਚ ਉਨ੍ਹਾਂ ਦੀ ਪਛਾਣ ਆਟੇ ਦੇ ‘ਗਰੇਵਾਲਜ਼’ ਬ੍ਰੈਂਡ ਵਜੋਂ ਹੋਣ ਲੱਗੀ।
ਗੁਰਵੀਰ ਸਿੰਘ ਝਬਾਲ ਨੇ ਜ਼ਾਂਬੀਆ ਦੀ ਭਾਰਤ ‘ਚ ਹਾਈ ਕਮਿਸ਼ਨਰ ਨੂੰ ਆਪਣੇ ਘਰ ਅਗਾਂਹਵਧੂ ਕਿਸਾਨਾਂ ਨਾਲ ਮਿਲਾਇਆ। ਇਸ ਮਿਲਣੀ ਤੋਂ ਬਾਅਦ 8-10 ਪਰਿਵਾਰਾਂ ਨੇ ਜ਼ਾਂਬੀਆ ਦਾ ਦੌਰਾ ਕੀਤਾ। ਉਨ੍ਹਾਂ ਵਿਚੋਂ ਗੁਰਵੀਰ ਸਿੰਘ ਝਬਾਲ ਨੇ ਆਪਣੇ ਖੇਤੀ ਗ੍ਰੈਜੂਏਟ ਪੁੱਤਰ ਦੀ ਮਦਦ ਨਾਲ ਜ਼ਾਂਬੀਆ ਦੇ ਸ਼ਹਿਰ ਕਾਉਵੇ ਵਿਚ ਖੇਤੀ ਕਰਨ ਦਾ ਜੋਖ਼ਮ ਉਠਾਇਆ। ਨਵੰਬਰ 2021 ਵਿਚ ਉਨ੍ਹਾਂ 600 ਹੈਕਟੇਅਰ ਜ਼ਮੀਨ ਖਰੀਦੀ ਅਤੇ ਟਮਾਟਰਾਂ, ਗੋਭੀ ਤੇ ਹੋਰ ਸਬਜ਼ੀਆਂ ਦਾ ਕੰਮ ਸ਼ੁਰੂ ਕੀਤਾ। ਪਹਿਲੀ ਫ਼ਸਲ ਨੇ ਉਨ੍ਹਾਂ ਦਾ ਉਤਸ਼ਾਹ ਵਧਾਇਆ, ਫਿਰ ਉਨ੍ਹਾਂ ਮੱਕੀ ਤੇ ਸੋਇਆਬੀਨ ਦਾ ਤਜਰਬਾ ਕੀਤਾ ਤੇ ਹੌਲੀ ਹੌਲੀ ਉਨ੍ਹਾਂ ਨੂੰ ਉਥੇ ਦੀਆਂ ਫ਼ਸਲਾਂ, ਮੌਸਮ ਤੇ ਮੰਡੀ ਦਾ ਭੇਤ ਆ ਗਿਆ। ਉਨ੍ਹਾਂ ਕਿਸਾਨਾਂ ਨੂੰ ਕਿਹਾ, “ਉਥੇ ਨਵੰਬਰ ਤੋਂ ਮਾਰਚ ਤੱਕ ਮੀਂਹ ਪੈਂਦਾ, ਮਜ਼ਦੂਰੀ ਸਸਤੀ ਹੈ, ਲੋਕ ਚੰਗੇ ਹਨ। ਤਾਪਮਾਨ 10 ਤੋਂ 27 ਡਿਗਰੀ ਸੈਲਸੀਅਸ ਰਹਿੰਦਾ। ਅਸੀਂ ਉਥੇ ਖੇਤੀ ਕਰਨ ਦੇ ਚਾਹਵਾਨ ਕਿਸਾਨਾਂ ਦੀ ਬਾਂਹ ਫੜਾਂਗੇ।”
ਗੁਰਮਿੰਦਰ ਸਿੰਘ ਬਰਾੜ ਜਦ ਪਹਿਲੇ ਦਿਨ ਆਸਟਰੇਲੀਆ ਦੀ ਧਰਤੀ ‘ਤੇ ਉਤਰੇ ਤਾਂ ਉਨ੍ਹਾਂ ਇੱਕ ਖੇਤ ਵਿਚ ਫੋਰ ਵ੍ਹੀਲਰ ਸਪਰੇਅ ਕਰਦਾ ਦੇਖਿਆ। ਕਾਸ਼! ਅਜਿਹੀ ਸਪਰੇਅ ਮਸ਼ੀਨ ਮੇਰੇ ਪਿੰਡ ਵੀ ਹੋਵੇ; ਇਸੇ ਖਿਆਲ ਨੇ ਉਸ ਨੂੰ ਵੀਡੀਓਗ੍ਰਾਫੀ ਤੇ ਮੀਡੀਆ ਵੱਲ ਮੋੜਿਆ। ਖੇਤੀ ਦੇ ਨਾਲ ਨਾਲ ਉਹ ਸਫਲ ਕਿਸਾਨਾਂ ਨੂੰ ਰਿਕਾਰਡ ਕਰਨ ਲੱਗਾ। ਇੰਝ ਉਸ ਨੂੰ ਦੁਨੀਆ ਘੁੰਮਣ ਦਾ ਮੌਕਾ ਮਿਲਿਆ। ਇਸ ਕੰਮ ਨੇ ਉਸ ਨੂੰ ਪੰਜਾਬੀਆਂ ‘ਚ ਸੰਸਾਰ ਪੱਧਰ ਦੀ ਪਛਾਣ ਦਿੱਤੀ। ਉਹ ਮਾਣ ਨਾਲ ਕਹਿੰਦੇ ਹਨ, “ਮੇਰੀਆਂ ਵੀਡੀਓਜ਼ ਦੇਖ ਕੇ ਹਜ਼ਾਰ ਤੋਂ ਵੱਧ ਜਣਿਆਂ ਨੇ ਖੇਤੀ ਅਪਣਾਈ।” ਕੈਲੀਫੋਰਨੀਆ ਦੀ ਸਟੇਟ ਯੂਨੀਵਰਸਿਟੀ, ਫਰਿਜ਼ਨੋ ‘ਚ ਖੋਜ ਸਕਾਲਰ ਡਾ. ਗੁਰਰੀਤਪਾਲ ਸਿੰਘ ਬਰਾੜ ਨੇ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਛੋਟੇ ਪ੍ਰਾਸੈਸਿੰਗ ਯੂਨਿਟ ਲਾਉਣ, ਇਸ ਨੂੰ ਵਪਾਰਕ ਲੀਹਾਂ ‘ਤੇ ਤੋਰਨ, ਵਰਕ ਕਲਚਰ ਦੀ ਵਕਾਲਤ ਕੀਤੀ। ਕੈਨੇਡਾ ਤੋਂ ਗੁਰਪ੍ਰੀਤ ਸਿੰਘ ਬਰਾੜ ਨੇ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਝਾੜ ਦੇ ਨਾਲ ਨਾਲ ਖਪਤ ਤੇ ਮੰਡੀ ‘ਤੇ ਫੋਕਸ ਕਰਨ ਦੀ ਅਹਿਮੀਅਤ ਉਘਾੜੀ ਅਤੇ ਕਿਰਤ ਤੇ ਕਿਰਸ ਦੇ ਫ਼ਲਸਫੇ ‘ਤੇ ਜ਼ੋਰ ਦਿੱਤਾ।
ਕੇਵਲ ਬਾਸੀ ਅਮਰੀਕਾ ਵਿਚ ਬਦਾਮਾਂ ਦੀ ਖੇਤੀ ਕਰਦੇ ਹਨ। ਉਨ੍ਹਾਂ ਆਖਿਆ ਕਿ ਅਮਰੀਕਾ ਹੋਵੇ ਜਾਂ ਭਾਰਤ, ਕੇਵਲ ਖੇਤੀ ਪਰਿਵਾਰ ਪਾਲਣ ਲਈ ਕਾਫੀ ਨਹੀਂ। ਸ਼ੁਰੂ ਵਿਚ ਕੋਈ ਕਾਰੋਬਾਰ ਜਾਂ ਹੋਰ ਧੰਦਾ ਖੇਤੀ ਦੇ ਨਾਲ ਹੋਣਾ ਚਾਹੀਦਾ ਹੈ। ਖੁਦਕੁਸ਼ੀਆਂ ਰੋਕਣ ਲਈ ਉਨ੍ਹਾਂ ਫਸਲਾਂ ਤੋਂ ਘੱਟੋ-ਘੱਟ ਆਮਦਨੀ ਲਈ ਸਰਕਾਰੀ ਪ੍ਰੀਮੀਅਮ ਦੇਣ ਦਾ ਵਾਸਤਾ ਪਾਇਆ। ਉਨ੍ਹਾਂ ਕਿਸਾਨਾਂ ਨੂੰ ਸੁਣਨ ਤੇ ਸਿੱਖਣ ਦੀ ਆਦਤ ਪਾਉਣ ਲਈ ਪ੍ਰੇਰਿਆ। ਹੱਥੀਂ ਕੰਮ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, “ਜਹਾਜ਼ ਚੜ੍ਹਨ ਤੋਂ ਇੱਕ ਦਿਨ ਪਹਿਲਾਂ ਮੈਂ ਦੋ ਵੱਖੋ-ਵੱਖਰੇ ਵਿਅਕਤੀਆਂ ਦੀ ਮਦਦ ਨਾਲ ਆਪਣੇ ਖੇਤ ਵਿਚ ਦਿਨ ਵੇਲੇ ਨਦੀਨ ਅਤੇ ਰਾਤ ਵੇਲੇ ਕੀਟਨਾਸ਼ਕ ਦਵਾਈ ਦੀ ਸਪਰੇਅ ਕਰ ਕੇ ਆਇਆਂ ਹਾਂ।” ਉਹ ਅਮਰੀਕੀ ਸਰਕਾਰ ਵੱਲੋਂ ਵਲੰਟੀਅਰ ਤੌਰ ‘ਤੇ ਖੇਤੀ ਸਬੰਧੀ ਰੇਡੀਓ ਪ੍ਰੋਗਰਾਮ ਵੀ ਕਰਦੇ ਹਨ। ਉਨ੍ਹਾਂ ਕੁਝ ਵਰ੍ਹੇ ਪਹਿਲਾਂ ਆਪਣੀ ਕਮਾਈ ਵਿਚੋਂ ਖੇਤੀ ਯੂਨੀਵਰਸਿਟੀ ਦੇ ਦੋ ਵਿਦਿਆਰਥੀਆਂ ਨੂੰ ਲਾਈਫ ਟਾਈਮ ਸਕਾਲਰਸ਼ਿਪ ਦੇਣ ਦੀ ਪਿਰਤ ਪਾਈ।
ਰੁਮੇਲ ਸਿੰਘ ਤੂਰ ਨੇ ਕੰਮ ਦੀ ਸ਼ੁਰੂਆਤ ਟੋਨੀ ਨਾਮੀ ਇਟਾਲੀਅਨ ਕੋਲ ਬੇਰੀ ਦੇ ਬਾਗਾਂ ਵਿਚ ਲੇਬਰ ਕੰਟਰੈਕਟਰ ਦੇ ਤੌਰ ‘ਤੇ ਕੀਤੀ। ਉਨ੍ਹਾਂ ਨੂੰ ਫ਼ਲਾਂ ਦੇ ਪੱਕਣ ਤੇ ਰਸਣ ਦਾ ਡੂੰਘਾ ਗਿਆਨ ਹੈ। ਇੱਥੋਂ ਉਨ੍ਹਾਂ ਨੇ ਮਿਹਨਤ, ਲਗਨ ਅਤੇ ਮਾਲਕਾਂ ਦੀ ਵਫ਼ਾਦਾਰੀ ਦਾ ਸਬਕ ਸਿੱਖਿਆ। ਹੁਣ ਉਨ੍ਹਾਂ ਦੇ ਗਰਿਫਥ ਸ਼ਹਿਰ ਨੇੜੇ ਕਣਕ ਤੇ ਝੋਨੇ ਦੇ ਖੇਤ ਹਨ। ਉਹ ਝੋਨੇ ਦੀ ਸਿੱਧੀ ਬਿਜਾਈ ਲਈ ਜਾਣੇ ਜਾਂਦੇ ਹਨ। ਉਨ੍ਹਾਂ ਅਨੁਸਾਰ ਪੁੰਗਰਦੇ ਬੀਜਾਂ ਨੂੰ ਨਦੀਨਾਂ ਤੋਂ ਬਚਾਉਣ ਲਈ ਨਦੀਨ ਨਾਸ਼ਕ ਸਪਰੇਆਂ ਦੀ ਵਿਸ਼ੇਸ਼ ਮਹੱਤਤਾ ਹੈ।
ਅਮਨਦੀਪ ਸਿੰਘ ਸਿੱਧੂ ਨਵਾਂਸ਼ਹਿਰ ਨੇੜਲੇ ਪਿੰਡ ਪੁਨੂੰ ਮਜਾਰਾ ਦੇ ਰਹਿਣ ਵਾਲੇ ਹਨ ਜੋ 1994 ਵਿਚ ਆਸਟਰੇਲੀਆ ਗਏ। ਉਨ੍ਹਾਂ 1998 ਵਿਚ ਕੇਲੇ ਦੀ ਕਾਸ਼ਤ ਵਾਲਾ ਖੇਤ ਖਰੀਦਿਆ। ਜਿਸ ਗੋਰੇ ਪਿਉ-ਪੁੱਤਰ ਨੇ ਇਹ ਖੇਤ ਵੇਚਿਆ ਸੀ, ਉਨ੍ਹਾਂ ਦੱਸਿਆ ਕਿ ਉਹ ਗਾਈਆਂ ਖਰੀਦਣ ਲੱਗੇ ਹਨ ਕਿਉਂਕਿ ਨਵਾਂ ਹਾਈਵੇਅ ਲੰਘਣ ਕਾਰਨ ਉੱਧਰ ਕੇਲੇ ਦੀ ਖੇਤੀ ਵੱਡੇ ਪੱਧਰ ‘ਤੇ ਹੋਣ ਲੱਗੇਗੀ। ਉੱਠਦੇ ਬੱਦਲ ਨੂੰ ਮੱਥੇ ‘ਤੇ ਹੱਥ ਰੱਖ ਕੇ ਦੇਖਣ ਵਾਂਗ ਵੱਡੇ ਗੋਰੇ ਨੇ ਸਮਝਾਇਆ ਕਿ ਕੇਲੇ ਦੀ ਕੀਮਤ ਡਿੱਗਣ ਦੀਆਂ ਸੰਭਾਵਨਾਵਾਂ ਹਨ। ਅਮਨਦੀਪ ਸਿੰਘ ਕਹਿੰਦੇ, ਇਸੇ ਮੱਤ ਕਾਰਨ ਉਨ੍ਹਾਂ ਅੱਧੇ ਖੇਤ ਵਿਚ ਕੇਲੇ ਦੀ ਥਾਂ ਐਵਾਕੈਡੋ ਲਾ ਲਿਆ। ਸਮੇਂ ਦੇ ਨਾਲ ਨਾਲ ਕੇਲੇ ਨੂੰ ਫੁੱਲਾਂ ਦੀ ਕਾਸ਼ਤ ਅਤੇ ਫੁੱਲਾਂ ਨੂੰ ਬਲੈਕ ਤੇ ਬਲੂ ਬੇਰੀ ਨਾਲ ਬਦਲਿਆ। ਉਹ ਹੋਰ ਫ਼ਸਲਾਂ ਤੇ ਫਾਰਮ ਦੇਖਣ ਲਈ ਲੰਮਾ ਸਫਰ ਕਰਦੇ ਰਹੇ। ਉਨ੍ਹਾਂ ਆਪਣੇ ਇੱਕ ਸਾਥੀ ਨਾਲ ਮਿਲ ਕੇ ਪਾਣੀ ਬਚਾਉਣ ਦਾ ਪ੍ਰਾਜੈਕਟ ਵੀ ਤਿਆਰ ਕੀਤਾ ਜਿਸ ਨੂੰ ਅਪਣਾਉਣ ਲਈ ਮਹਿਕਮੇ ਨੇ ਸਿਫਾਰਸ਼ ਕੀਤੀ ਤੇ ਉਨ੍ਹਾਂ ਦੋਵਾਂ ਨੂੰ 11,000 ਡਾਲਰ ਦੀ ਗ੍ਰਾਂਟ ਦਿੱਤੀ। ਉਥੋਂ ਦਾ ਸਿਸਟਮ ਕਿਸਾਨ ਨੂੰ ਸਾਇੰਸਦਾਨ ਬਣਾ ਦਿੰਦਾ; ਇਥੋਂ ਦਾ ਸਿਸਟਮ ਖੁਦਕੁਸ਼ੀ ਦੇ ਰਾਹ ਪਾ ਦਿੰਦਾ। ਤਨਜ਼ਾਨੀਆ ਤੋਂ ਰਜਿੰਦਰ ਸਿੰਘ ਮੰਡ ਨੇ ਕਿਹਾ, “ਉਥੇ ਕੋਈ ਸਬਸਿਡੀ ਨਹੀਂ, ਟੈਕਸ ਤੋਂ ਕੋਈ ਛੋਟ ਨਹੀਂ, ਫਿਰ ਵੀ ਖੇਤੀ ਲਾਹੇਵੰਦ ਹੈ।”
ਖੇਤੀ ਨੀਤੀ ਦਾ ਮੂੰਹ-ਮੁਹਾਂਦਰਾ ਉਲੀਕਦਿਆਂ ਪਰਵਾਸੀ ਭਾਰਤੀ ਕਿਸਾਨਾਂ ਦੀ ਆਮਦ ਨੇ ਹੱਥੀਂ ਕੰਮ ਕਰਨ ਅਤੇ ਸਖ਼ਤ ਮਿਹਨਤ ਦੇ ਫਿੱਕੇ ਪੈ ਗਏ ਅੱਖਰ ਗੂੜ੍ਹੇ ਕੀਤੇ। ਉਨ੍ਹਾਂ ਖੇਤੀਬਾੜੀ ਨੂੰ ਖੇਤੀ ਵਪਾਰ ਵੱਲ ਲਿਜਾਣ ਦੇ ਰਾਹ ਲੱਭਣ ‘ਤੇ ਜ਼ੋਰ ਦਿੱਤਾ।
ਸੰਪਰਕ: 98158-00405