ਰਸ਼ਪਿੰਦਰ ਪਾਲ ਕੌਰ
ਬਚਪਨ ਵਿਚ ਮਾਂ ਦੀ ਗੋਦ ਦਾ ਨਿੱਘ ਮਾਣਿਆ। ਮਾਂ ਦੇ ਦੁੱਧ ਨਾਲ ਮਾਂ ਬੋਲੀ ਦੀ ਦਾਤ ਮਿਲੀ। ਤੋਤਲੇ ਬੋਲਾਂ ਤੋਂ ਸ਼ਬਦ ਸੰਸਾਰ ਮਿਲਿਆ। ਸੁਰਤ ਸੰਭਲੀ ਤਾਂ ਸਕੂਲ, ਗਿਆਨ ਦਾ ਸਾਥ। ਮਾਂ ਸਾਡੀ ਚਾਰ ਭੈਣ ਭਰਾਵਾਂ ਲਈ ਮੋਹ ਮਮਤਾ ਦੀ ਮੂਰਤ ਸੀ। ਅਸੀਂ ਉਸ ਨੂੰ ਬੀਬੀ ਆਖ ਬੁਲਾਉਂਦੇ। ਉਸ ਦੇ ਅੱਗੇ ਪਿੱਛੇ ਫਿਰਦੇ। ਬੀਬੀ ਦੇ ਮੋਹ, ਤਿਹੁ ਦੇ ਅੰਗ ਸੰਗ ਵਿਚਰਦੇ। ਬੀਬੀ ਪਰਿਵਾਰ ਦੇ ਪਾਲਣ ਪੋਸ਼ਣ ਵਿਚ ਜੁਟੀ ਰਹਿੰਦੀ। ਰਾਤ ਨੂੰ ਕੰਮ ਕਾਰ ਤੋਂ ਵਿਹਲੀ ਹੋ ਮੇਰੇ ਕੋਲ ਜਿ਼ੰਦਗੀ ਦੇ ਸਬਕ ਖੋਲ੍ਹ ਬੈਠਦੀ, “ਧੀਏ, ਕੰਮ ਤੋਂ ਬਿਨਾ ਬੰਦੇ ਦਾ ਕਾਹਦਾ ਮੁੱਲ! ਇਹ ਤਾਂ ਹਰ ਜਿਊਂਦੇ ਜੀਅ ਦਾ ਧਰਮ ਹੁੰਦਾ। ਕੰਮ ਕਰਦੇ ਬੰਦੇ ਦਾ ਹੀ ਮੁੱਲ ਹੁੰਦਾ। ਇਸ ਨਾਲ ਹੀ ਪਰਖ ਹੁੰਦੀ ਏ। ਕੰਮ ਨਾਲ ਹੀ ਕਦਰ ਪੈਂਦੀ ਹੈ।” ਪੜ੍ਹਦਿਆਂ ਲਿਖਦਿਆਂ ਬੀਬੀ ਦੇ ਸਬਕ ਮਿਹਨਤ ਦਾ ਰਸਤਾ ਬਣੇ ਜਿਸ ‘ਤੇ ਤੁਰਦਿਆਂ ਜਿ਼ੰਦਗ਼ੀ ਨੂੰ ਸਹਿਜੇ ਹੀ ਮੰਜਿ਼ਲ ਮਿਲ ਗਈ।
ਵਕਤ ਦੇ ਵਹਿਣ ਵਿਚ ਬੀਬੀ ਸਦਾ ਲਈ ਤੁਰ ਗਈ। ਨਿੱਤ ਰੋਜ਼ ਮਾਂ ਜਿਹੀਆਂ ਬੀਬੀਆਂ ਨਾਲ ਵਾਹ ਵਾਸਤਾ ਉਸ ਦੀ ਯਾਦ ਦਾ ਸਬਬ ਬਣਦਾ ਹੈ। ਘਰੇ ਕੰਮ ਵਾਲੀ ਬੀਬੀ, ਸਕੂਲ ਸਾਫ਼ ਸਫ਼ਾਈ ਤੇ ਮਿੱਡ ਡੇ ਮੀਲ ਵਾਲ਼ੀਆਂ ਬੀਬੀਆਂ। ਕਿਰਤ ਕਰ ਕੇ ਆਪਣਾ ਘਰ ਪਰਿਵਾਰ ਤੋਰਦੀਆਂ। ਆਪੋ-ਆਪਣੇ ਕੰਮ ਨੂੰ ਘਰ ਦਾ ਸਮਝ ਕਰਦੀਆਂ। ਮੈਨੂੰ ਸਭਨਾਂ ਵਿਚੋਂ ਮਾਂ ਜਿਹੀ ਛਾਂ ਦਾ ਰੂਪ ਨਜ਼ਰ ਆਉਂਦਾ। ਮੋਹ, ਮਮਤਾ ਦੀ ਮੂਰਤ ਬਣੀਆਂ। ਮਿੱਠੇ, ਪਿਆਰੇ ਬੋਲਾਂ ਨਾਲ ਮਨ ਨੂੰ ਸਕੂਨ ਦਿੰਦੀਆਂ। ਸਿਰ ਪਲੋਸਦੀਆਂ, ਅਸੀਸਾਂ ਦਿੰਦੀਆਂ ਨਾ ਥੱਕਦੀਆਂ। ਸਬਰ, ਸਤੁੰਸ਼ਟੀ ਨਾਲ ਜਿ਼ੰਦਗ਼ੀ ਬਸਰ ਕਰਦੀਆਂ ਕਿਰਤੀ ਮਾਵਾਂ ਦਾ ਅਜਿਹਾ ਸੁਹਜ, ਸਲੀਕਾ ਜਿਊਣ ਦਾ ਬਲ ਬਣਦਾ ਹੈ।
ਸਕੂਲ ਜਾਣ ਸਾਰ ਸਕੂਲ ਦੀ ਰਸੋਈ ਵਿਚ ਦੁਪਿਹਰ ਖਾਣੇ ਦੀ ਤਿਆਰੀ ਨਜ਼ਰ ਆਉਂਦੀ ਹੈ। ਬੀਬੀਆਂ ਕਾਹਲੇ ਕਦਮੀਂ ਅੰਦਰ ਬਾਹਰ ਜਾਂਦੀਆਂ ਹਨ। ਦਾਲ, ਚੌਲ ਧੋਂਦੀਆਂ, ਧਰਦੀਆਂ ਨਜ਼ਰ ਆਉਂਦੀਆਂ। ਰਸੋਈ ਵਿਚ ਸਾਫ਼ ਸਫ਼ਾਈ ਮੂੰਹੋਂ ਬੋਲਦੀ ਦਿਸਦੀ। ਬੀਬੀਆਂ ਦੇ ਹੱਥਾਂ ਦਾ ਸੁਹਜ ਦਾਲ, ਸਬਜ਼ੀਆਂ ਦੇ ਤੜਕੇ ਦੀ ਮਹਿਕ ਬਣਦਾ। ਸਾਰੇ ਅਧਿਆਪਕ ਗਾਹੇ-ਬਗਾਹੇ ਉੱਧਰ ਗੇੜਾ ਰੱਖਦੇ। ਉਨ੍ਹਾਂ ਦੇ ਕੰਮ ਪ੍ਰਤੀ ਉੱਦਮ ਨੂੰ ਸਲਾਹੁੰਦੇ। ਜਮਾਤਾਂ ਵਿਚ ਬੈਠੇ ਪੜ੍ਹਦੇ ਵਿਦਿਆਰਥੀ ਬਣ ਰਹੇ ਖਾਣੇ ਦੀ ਉਡੀਕ ਵਿਚ ਹੁੰਦੇ। ਆਂਢ-ਗੁਆਂਢ ਵਿਚ ਵਸਦੇ ਘਰਾਂ ਦੀਆਂ ਸੁਆਣੀਆਂ ਰਸੋਈ ਦੀ ਭਿਣਕ ਰੱਖਦੀਆਂ। ਅੱਧੀ ਛੁੱਟੀ ਹੋਣ ਤੋਂ ਪਹਿਲਾਂ ਹੀ ਮਿੱਡ ਡੇ ਮੀਲ ਦਾ ਖਾਣਾ ਤਿਆਰ ਹੁੰਦਾ। ਧੋਤੇ, ਸੰਵਾਰੇ ਥਾਲ ਵਿਦਿਆਰਥੀਆਂ ਦੇ ਹੱਥਾਂ ਦੀ ਛੋਹ ਉਡੀਕਦੇ ਨਜ਼ਰ ਆਉਂਦੇ।
ਅੱਧੀ ਛੁੱਟੀ ਵਕਤ ਬੱਚੇ ਕਤਾਰਾਂ ਵਿਚ ਬੈਠ ਖਾਣਾ ਖਾਂਦੇ। ਬੀਬੀਆਂ ਸਹਿਜ ਭਾਅ ਵਰਤਾਉਂਦੀਆਂ। ਉਨ੍ਹਾਂ ਦੇ ਵਰਤ ਵਰਤਾਓ ਵਿਚੋਂ ਮਾਂ ਦਾ ਰੂਪ ਦੇਖਣ ਨੂੰ ਮਿਲਦਾ। ਬੱਚਿਆਂ ਨੂੰ ਪਿਆਰ ਨਾਲ ਪੇਸ਼ ਆਉਂਦੀਆਂ। ਨਾ ਅੱਕਦੀਆਂ ਨਾ ਥੱਕਦੀਆਂ। ਨਾ ਮੱਥੇ ਵੱਟ ਪਾਉਂਦੀਆਂ। ਖਾਣਾ ਵਰਤਾ ਕੇ ਭਾਂਡੇ ਸਾਂਭਦੀਆਂ, ਧੋਂਦੀਆਂ। ਸਾਰੀ ਛੁੱਟੀ ਹੋਣ ਤੱਕ ਕੰਮ ਵਿਚ ਜੁਟੀਆਂ ਰਹਿੰਦੀਆਂ। ਸਕੂਲ ਸਟਾਫ ਨੂੰ ਰੋਟੀ ਪਾਣੀ ਫੜਾਉਣ ਦਾ ਕੰਮ ਵੀ ਖਿੜੇ ਮੱਥੇ ਕਰਦੀਆਂ। ਜਿਸ ਦਿਨ ਖਾਣੇ ਤੋਂ ਕੁਝ ਵਿਹਲ ਮਿਲੇ, ਸਕੂਲ ਦੇ ਹੋਰਨਾਂ ਕੰਮਾਂ ਵਿਚ ਹੱਥ ਵਟਾਉਂਦੀਆਂ। ਸਾਰੇ ਅਧਿਆਪਕਾਂ ਨਾਲ ਮੇਲ-ਮਿਲਾਪ। ਨਾ ਗੁੱਸਾ ਗਿਲਾ, ਨਾ ਇਤਰਾਜ਼। ਕਦੇ ਕਦਾਈਂ ਕੋਈ ਬੀਬੀ ਦਿਲ ਦੀਆਂ ਗੱਲਾਂ ਕਰਨ ਲਗਦੀ, “ਕੰਮ ਦੇ ਬਦਲੇ ਮਿਲਦੀ ਤਨਖਾਹ ਤਾਂ ਕੁਸ਼ ਵੀ ਨਹੀਂ। ਸਾਰੀ ਦਿਹਾੜੀ ਤਾਂ ਸਕੂਲ ਹੀ ਲੰਘ ਜਾਂਦੀ ਆ। ਪੈਸੇ ਮਗਨਰੇਗਾ ਦੀ ਦਿਹਾੜੀ ਤੋਂ ਘੱਟ ਮਿਲਦੇ। ਉਹ ਵੀ ਕਈ ਕਈ ਮਹੀਨੇ ਉਡੀਕ ਕਰਨੀ ਪੈਂਦੀ। ਇਹ ਸੋਚ ਕੇ ਮਨ ਸਮਝਾ ਲਈਦਾ ਕਿ ਚਲੋ, ਇਸ ਬਹਾਨੇ ਬੱਚਿਆਂ ਦੀ ਸੇਵਾ ਹੱਥ ਲੱਗੀ ਆ। ਦਿਨ ਸੌਖਾ ਲੰਘ ਜਾਂਦਾ। ਨਾਲੇ ਪੜ੍ਹੇ ਲਿਖੇ, ਸਿਆਣੇ ਜਣਿਆਂ ਵਿਚ ਰਹੀਦਾ। ਕੁਝ ਸਿੱਖ ਕੇ ਈ ਜਾਈਦਾ। ਬੱਸ, ਅਸੀਂ ਤਾਂ ਚੰਗੇ ਦਿਨਾਂ ਦੀ ਆਸ ਲੈ ਕੇ ਜਿਊਨੇ ਆਂ।”
ਸਾਡੇ ਸਕੂਲ ਜਾਂਦਿਆਂ ਸਫ਼ਾਈ ਧਿਆਨ ਖਿਚਦੀ ਹੈ। ਕਮਰੇ, ਬਰਾਂਡੇ ਤੇ ਦਫ਼ਤਰ, ਲਾਇਬਰੇਰੀ ਮੂੰਹੋਂ ਬੋਲਦੇ ਨਜ਼ਰ ਆਉਂਦੇ। ਕਾਗਜ਼, ਸੁੱਕੇ ਪੱਤਿਆਂ ਤੇ ਧੂੜ ਮਿੱਟੀ ਦਾ ਕਿਧਰੇ ਨਾਮੋ-ਨਿਸ਼ਾਨ ਨਹੀਂ ਹੁੰਦਾ। ਦਫ਼ਤਰ ਕੋਲ ਸਾਦੇ, ਸਾਫ਼ ਕੱਪੜੇ ਪਹਿਨ ਸਫ਼ਾਈ ਵਾਲੀ ਬੀਬੀ ਬੈਠੀ ਮਿਲਦੀ। ਉਹ ਸਕੂਲ਼ ਨੂੰ ਆਪਣਾ ਘਰ ਸਮਝਦੀ। ਉਸ ਦੇ ਹੁੰਦਿਆਂ ਬੱਚੇ ਵੀ ਸਾਫ਼ ਕੀਤੇ ਬੈਂਚਾਂ ਤੇ ਕਮਰਿਆਂ ਵਿਚ ਕਾਗਜ਼ ਪੱਤਰ ਖਿਲਾਰਨੋਂ ਗੁਰੇਜ਼ ਕਰਦੇ। ਬੀਬੀ ਬੱਚਿਆਂ ਨੂੰ ਅਕਸਰ ਆਖਦੀ, “ਸਾਫ਼ ਸਫ਼ਾਈ ਹਰ ਜੀਅ ਨੂੰ ਖੁਸ਼ੀ ਦਿੰਦੀ ਹੈ। ਦੇਖਣ ਵਾਲਾ ਵੀ ਸਬਕ ਲੈ ਕੇ ਜਾਂਦਾ। ਇਸ ਦੀ ਹਰ ਥਾਂ ਲੋੜ ਹੁੰਦੀ ਹੈ।” ਪ੍ਰਿੰਸੀਪਲ ਸਵੇਰ ਦੀ ਸਭਾ ਵਿਚ ਅਕਸਰ ਬੀਬੀਆਂ ਦੀ ਕੰਮ ਪ੍ਰਤੀ ਲਗਨ ਦੀ ਪ੍ਰਸ਼ੰਸਾ ਕਰਦੇ। ਉਹ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿਚ ਇਸ ਤੋਂ ਸਿੱਖਣ ਦੀ ਪ੍ਰੇਰਨਾ ਦਿੰਦੇ।
ਸਕੂਲੋਂ ਘਰ ਮੁੜਦਿਆਂ ਹੀ ਕੰਮ ਵਾਲੀ ਬੀਬੀ ਆ ਜਾਂਦੀ। ਕੰਮ ਕਰਦੀ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ। ਗਲੀ, ਮੁਹੱਲੇ ਦੀਆਂ ਚੰਗੀਆਂ ਗੱਲਾਂ ਚਿਤਾਰਦੀ। ਗਰੀਬਾਂ ਪ੍ਰਤੀ ਲੋਕਾਂ ਦੀ ਅਸਾਵੀਂ ਪਹੁੰਚ ‘ਤੇ ਕਲਪਦੀ। ਗਰੀਬਾਂ ਦਾ ਦਿਲ ਪੁੱਛਿਆਂ ਹੀ ਜਾਣਦਾ ਕਿ ਉਹ ਵਿਤਕਰਿਆਂ ਦੀ ਪੀੜ ਕਿੰਝ ਝੱਲਦੇ ਹਨ। ‘ਵੱਡੇ ਘਰਾਂ’ ਦੇ ਦਿਖਾਵੇ ਨਾਲ ਵਡਿਆਈ ਲੈਣ ਦੇ ਯਤਨਾਂ ਦੇ ਕਿੱਸੇ ਸੁਣਾਉਂਦੀ। ਆਖਦੀ, “ਧੀਏ, ਜੱਸ ਤਾਂ ਬੰਦੇ ਦੇ ਹੱਥ ਵੱਸ ਹੁੰਦਾ। ਭਲੇ ਵਾਲੇ ਚੰਗੇ ਕੰਮ ਕਰਨ ਵਾਲਿਆਂ ਨੂੰ ਮਿਲਦਾ।” ਆਪਣੇ ਸਕੂਲ, ਕਾਲਜ ਪੜ੍ਹਦੇ ਆਪਣੇ ਪੋਤਰਿਆਂ ਤੋਂ ਦਿਨ ਬਦਲਣ ਦੀ ਆਸ ਰੱਖਦੀ ਬੀਬੀ ਕੰਮ ਵਿਚ ਜੁਟੀ ਰਹਿੰਦੀ ਹੈ। ਕੰਮ ਕਾਰ ਨਿਬੇੜ ਸਾਬਤ ਕਦਮੀਂ ਵਾਪਸ ਪਰਤਦੀ।
ਮੈਨੂੰ ਇਹ ਬੀਬੀਆਂ ਸੇਵਾ, ਤਿਆਗ, ਸਬਰ ਤੇ ਸੰਜਮ ਭਰੀ ਜ਼ਿੰਦਗੀ ਦਾ ਸਿਰਨਾਵਾਂ ਜਾਪਦੀਆਂ ਹਨ ਜਿਹੜੀਆਂ ਕਿਰਤ, ਉੱਦਮ ਤੇ ਸਿਦਕ ਸੰਗ ਸੁਖਾਵੇਂ ਦਿਨਾਂ ਲਈ ਆਸਾਂ ਦੇ ਦੀਵੇ ਬੁਝਣ ਨਹੀਂ ਦਿੰਦੀਆਂ।
ਸੰਪਰਕ: rashpinderpalkaur@gmail.com