ਪਾਲ ਸਿੰਘ ਨੌਲੀ
ਜਲੰਧਰ, 2 ਨਵੰਬਰ
ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ’ਤੇ ਮੁੜ ਕਾਬਜ਼ ਹੋਣ ਮਗਰੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਧੜੇ ਨੇ ਪਾਰਟੀ ਤੋਂ ਵੱਖ ਹੋਏ ਆਗੂਆਂ ਦੇ ਮਨ ਟੋਹਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਅਕਾਲੀ ਦਲ ਤੋਂ ਵੱਖ ਹੋਏ ਸ਼੍ਰੋਮਣੀ ਸੁਧਾਰ ਲਹਿਰ ਦੇ ਆਗੂਆਂ ਨੂੰ ਅਮਰੀਕਾ ਦੇ ਇੱਕ ਸਿੱਖ ਆਗੂ ਰਾਹੀਂ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੂਤਰਾਂ ਮੁਤਾਬਕ ਸੁਖਬੀਰ ਬਾਦਲ ਦੇ ਖ਼ਾਸਮ ਖ਼ਾਸ ਮੰਨੇੇ ਜਾਂਦੇ ਇੱਕ ਅਕਾਲੀ ਆਗੂ ਨੇ ਅਮਰੀਕਾ ਦੇ ਵੱਡੇ ਧਨਾਢ ਸਿੱਖ ਨੂੰ ਟੈਲੀਫੋਨ ਕਰਕੇ ਏਕਤਾ ਦੀ ਗੱਲ ਤੋਰੀ ਹੈ। ਅਕਾਲੀ ਦਲ ਦੇ ਧੜੇ ਦਾ ਕਹਿਣਾ ਹੈ ਕਿ ਹੁਣ ਜਦੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੀ ਮੁੜ ਪ੍ਰਧਾਨਗੀ ਸੰਭਾਲ ਲਈ ਹੈ ਤਾਂ ਪੰਥਕ ਹਲਕਿਆਂ ਵਿੱਚ ਇਹ ਗੱਲ ਚਲੀ ਗਈ ਹੈ ਕਿ ਅਸਲ ਅਕਾਲੀ ਦਲ ਸੁਖਬੀਰ ਬਾਦਲ ਦੀ ਅਗਵਾਈ ਵਾਲਾ ਹੀ ਹੈ।
ਅਮਰੀਕਾ ਵਿੱਚ ਰਹਿੰਦੇ ਇਸ ਧਨਾਢ ਸਿੱਖ ਆਗੂ ਦੀ ਜਿੱਥੇ ਵ੍ਹਾਈਟ ਹਾਊਸ ਤੱਕ ਸਿੱਧੀ ਪਹੁੰਚ ਦੱਸੀ ਜਾ ਰਹੀ ਹੈ, ਉੱਥੇ ਇਸ ਸਿੱਖ ਆਗੂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੱਕ ਵੀ ਸਿੱਧੀ ਪਹੁੰਚ ਹੈ। ਇਸ ਸਿੱਖ ਆਗੂ ਨੇ ਕਿਹਾ ਕਿ ਅਕਾਲੀ ਦਲ ਦੇ ਧੜਿਆਂ ਵਿੱਚ ਏਕਤਾ ਹੋਣ ਨਾਲ ਪੰਥਕ ਸੰਸਥਾਵਾਂ ਮਜ਼ਬੂਤ ਹੋਣਗੀਆਂ ਤੇ ਵਿਦੇਸ਼ਾਂ ’ਚ ਵਸਦੇ ਸਿੱਖਾਂ ਵਿੱਚ ਵੀ ਪੰਥਕ ਸੰਸਥਾਵਾਂ ਪ੍ਰਤੀ ਭਰੋਸਾ ਵਧੇਗਾ। ਸੁਧਾਰ ਲਹਿਰ ਦੇ ਆਗੂਆਂ ਨੇ ਸਵਾਲ ਕੀਤਾ ਕਿ ਕੀ ਐਡਵੋਕੇਟ ਧਾਮੀ ਦੇ ਜਿੱਤਣ ਨਾਲ ਸੁਖਬੀਰ ਬਾਦਲ ਦੇ ਗੁਨਾਹ ਮੁਆਫ਼ ਹੋ ਜਾਣਗੇ?