ਗੁਰਨਾਮ ਸਿੰਘ ਚੌਹਾਨ
ਪਾਤੜਾਂ,, 15 ਮਾਰਚ
ਇੱਥੇ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਪਾਤੜਾਂ ਪੁਲੀਸ ਨੇ ਇਕ ਨਾਕੇ ਦੌਰਾਨ ਇਕ ਵਿਅਕਤੀ ਕੋਲੋਂ ਇੱਕ ਲੱਖ ਤੋਂ ਵੱਧ ਰਕਮ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਹੈ।
ਡੀਐੱਸਪੀ ਪਾਤੜਾਂ ਭਰਪੂਰ ਸਿੰਘ ਨੇ ਦੱਸਿਆ ਕਿ ਥਾਣਾ ਪਾਤੜਾਂ ਦੇ ਮੁਖੀ ਸਬ ਇੰਸਪੈਕਟਰ ਰਣਬੀਰ ਸਿੰਘ ਤੇ ਸਿਟੀ ਪੁਲੀਸ ਚੌਕੀ ਦੇ ਇੰਚਾਰਜ ਕਰਨੈਲ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਨਰਵਾਣਾ ਰੋਡ ਬਾਈਪਾਸ ਚੌਕ ਵਿੱਚ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਸੂਚਨਾ ਮਿਲੀ ਕਿ ਇੱਕ ਵਿਅਕਤੀ ਜਾਅਲੀ ਕਰੰਸੀ ਸਮੇਤ ਆ ਰਿਹਾ ਹੈ। ਪੁਲੀਸ ਨੇ ਮੋਟਰਸਾਈਕਲ ’ਤੇ ਆ ਰਹੇ ਇਕ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 60 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਹੋਈ।
ਮੁਲਜ਼ਮ ਦੀ ਪਛਾਣ ਪਿੰਡ ਕਰੀਮਨਗਰ ਉਰਫ਼ ਚਿੱਚੜਵਾਲਾ ਵਿੱਚ ਡਾਕਟਰੀ ਦੀ ਦੁਕਾਨ ਕਰਨ ਵਾਲੇ ਗੁਰਚਰਨ ਰਾਮ ਵਜੋਂ ਹੋਈ ਹੈ। ਮੁੱਢਲੀ ਪੜਤਾਲ ਮਗਰੋਂ ਪੁਲੀਸ ਨੇ ਉਸ ਦੀ ਦੁਕਾਨ ਵਿੱਚੋਂ 51 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕਰਨ ਦੇ ਨਾਲ ਜਾਅਲੀ ਕਰੰਸੀ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਸਾਜੋ ਸਾਮਾਨ ਬਰਾਮਦ ਕੀਤਾ ਗਿਆ ਹੈ।