ਜੈਸਮੀਨ ਭਾਰਦਵਾਜ
ਨਾਭਾ, 8 ਅਪਰੈਲ
ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿੱਚ ਪੜ੍ਹਦੇ ਐਸਸੀ/ਬੀਸੀ ਵਰਗ ਦੇ 1100 ਵਿਦਿਆਰਥੀ ਅਜੇ ਪੋਸਟਮੈਟ੍ਰਿਕ ਵਜ਼ੀਫੇ ਦੀ ਉਡੀਕ ਵਿੱਚ ਹੀ ਹਨ ਤੇ ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਵੱਲੋਂ ਫੀਸ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 7 ਅਪਰੈਲ ਨੂੰ ਗੁਜ਼ਰ ਗਈ ਹੈ। ਦਰਅਸਲ ਯੂਨੀਵਰਸਿਟੀ ਵੱਲੋਂ ਪਿਛਲੇ ਦਿਨੀਂ ਨੋਟਿਸ ਜਾਰੀ ਕਰ 7 ਅਪਰੈਲ ਤੱਕ ਫੀਸ ਜਮ੍ਹਾਂ ਨਾ ਹੋਣ ਦੀ ਸੂਰਤ ਵਿੱਚ ਲੇਟ ਫੀਸ ਲਗਾਉਣ ਦੀ ਚੇਤਾਵਨੀ ਦਿੱਤੀ ਸੀ ਜਿਸ ਦੇ ਚਲਦੇ ਪੰਜਾਬ ਸਟੂਡੈਂਟ ਯੂਨੀਅਨ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਪ੍ਰਦਰਸ਼ਨ ਕਰਦੇ ਹੋਏ ਨਾਭਾ ਦੇ ਵਿਧਾਇਕ ਨੂੰ ਮੰਗ ਪੱਤਰ ਭੇਜ ਕੇ ਇਸ ਮਾਮਲੇ ’ਚ ਵਿਦਿਆਰਥੀਆਂ ਦਾ ਮੁੱਦਾ ਹੱਲ ਕਰਾਉਣ ਦੀ ਮੰਗ ਕੀਤੀ ਤੇ ਜਲਦ ਤੋਂ ਜਲਦ ਵਜ਼ੀਫਾ ਜਾਰੀ ਕਰਾਉਣ ਦੀ ਮੰਗ ਕੀਤੀ।
ਯੂਨੀਅਨ ਆਗੂ ਅਰਵਿੰਦਰ ਕੌਰ ਨੇ ਦੱਸਿਆ ਕਿ 560 ਵਿਦਿਆਰਥੀਆਂ ਨੂੰ ਤਾਂ ਵਜ਼ੀਫੇ ਦੀ ਇੱਕ ਵੀ ਕਿਸ਼ਤ ਪ੍ਰਾਪਤ ਨਹੀਂ ਹੋਈ ਜਦੋਂ ਕਿ ਬਾਕੀ ਵਿਦਿਆਰਥੀਆਂ ਨੂੰ ਅਜੇ ਇੱਕ ਕਿਸ਼ਤ (60 ਫ਼ੀਸਦ) ਵਜ਼ੀਫਾ ਹੀ ਹਾਸਲ ਹੋਇਆ ਹੈ ਤੇ ਸਾਰੇ ਹੀ ਵਿਦਿਆਰਥੀਆਂ ਨੇ ਪੂਰਨ ਵਜ਼ੀਫਾ ਜਾਰੀ ਹੋਣ ਤੱਕ ਫੀਸ ਜਮ੍ਹਾਂ ਨਾ ਕਰਾਉਣ ਦਾ ਫੈਸਲਾ ਲਿਆ ਹੈ। ਕਾਲਜ ਵਿਦਿਆਰਥੀਆਂ ਨੇ ਇੱਕ ਲੱਖ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੇ ਜਨਰਲ ਵਰਗ ਦੇ ਵਿਦਿਆਰਥੀਆਂ ਲਈ ਵੀ ਫੀਸ ਮੁਆਫੀ ਨੂੰ ਲਾਗੂ ਕਰਾਉਣ ਦੀ ਮੰਗ ਚੁੱਕਦੇ ਹੋਏ ਕਿਹਾ ਕਿ ਪਹਿਲਾਂ ਤਾਂ ਆਨਲਾਈਨ ਪੋਰਟਲ ਉੱਪਰ ਵਿੱਤੀ ਤੌਰ ‘ਤੇ ਪੱਛੜੇ ਵਰਗ ਦਾ ਕਾਲਮ ਆਉਂਦਾ ਸੀ ਪਰ ਹੁਣ ਉਹ ਕਾਲਮ ਹਟਾ ਦਿੱਤਾ ਗਿਆ ਜਿਸ ਤੋਂ ਸਰਕਾਰ ਦੀ ਇਹ ਮਨਸ਼ਾ ਜ਼ਾਹਿਰ ਹੁੰਦੀ ਹੈ ਕਿ ਉਹ ਜਨਰਲ ਵਰਗ ਦੇ ਗਰੀਬ ਵਿਦਿਆਰਥੀਆਂ ਲਈ ਫੀਸ ਮੁਆਫੀ ਨੂੰ ਲਾਗੂ ਨਹੀਂ ਕਰਨਾ ਚਾਹੁੰਦੀ। ਇਸ ਮੌਕੇ ਵਿਧਾਇਕ ਗੁਰਦੇਵ ਮਾਨ ਦੇ ਹਾਜ਼ਰ ਨਾ ਹੋਣ ਕਾਰਨ ਵਿਦਿਆਰਥੀਆਂ ਨੇ ਮੰਗ ਪੱਤਰ ਉਨ੍ਹਾਂ ਦੇ ਦਫਤਰ ’ਚ ਦੇ ਦਿੱਤਾ।