ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 30 ਦਸੰਬਰ
ਥਾਣਾ ਜੁਲਕਾਂ ਦੇ ਮੁਖੀ ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਦੀ ਅਗਵਾਈ ਹੇਠ ਜੁਲਕਾਂ ਪੁਲੀਸ ਨੇ ਹਰਿਆਣਾ ਹੱਦ ਨਾਲ ਲਗਦੇ ਪਿੰਡ ਟਾਂਡਾ ਦੇ ਡੇਰਿਆਂ ਅਤੇ ਆਲੇ-ਦੁਆਲੇ ਦੇ ਖੇਤਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਅਮਰੀਕ ਸਿੰਘ ਦੇ ਡੇਰੇ ਤੋਂ ਵੱਖ ਵੱਖ ਥਾਵਾਂ ’ਤੇ ਛੁਪਾ ਕੇ ਰੱਖੇ 20 ਡਰੰਮ ਬਰਾਮਦ ਕੀਤੇ, ਜਿਨ੍ਹਾਂ ਵਿੱਚੋਂ 1200 ਲਿਟਰ ਲਾਹਣ ਬਰਾਮਦ ਹੋਈ ਅਤੇ 2 ਕੈਨੀਆਂ ਵਿੱਚੋਂ 10-10 ਲਿਟਰ ਨਾਜਾਇਜ਼ ਸ਼ਰਾਬ ਬਰਾਮਦ ਹੋਈ।
ਇੰਸ: ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਇਹ ਲੋਕ ਹਰਿਆਣਾ ਦੀ ਹੱਦ ’ਤੇ ਹੋਣ ਕਰਕੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਦੇ ਸਨ। ਜਦੋਂ ਪੁਲੀਸ ਦਾ ਛਾਪਾ ਪੈਂਦਾ ਸੀ ਤਾਂ ਇਹ ਲੋਕ ਹਰਿਆਣਾ ਵੱਲ ਨੂੰ ਭੱਜ ਜਾਂਦੇ ਸਨ ਪਰ ਕੱਲ੍ਹ ਥਾਣਾ ਜੁਲਕਾਂ ਦੀ ਪੁਲਸ ਵੱਲੋਂ ਟੀਮ ਬਣਾ ਕੇ ਮਾਰੇ ਗਏ ਛਾਪੇ ਦੌਰਾਨ ਅਮਰੀਕ ਸਿੰਘ ਦੇ ਡੇਰੇ ਤੋਂ ਇਹ ਵੱਡੀ ਬਰਾਮਦੀ ਹੋਈ ਜਿਸ ਵਿੱਚ ਅਮਰੀਕ ਸਿੰਘ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ। ਪੁਲੀਸ ਨੇ ਆਬਕਾਰੀ ਐਕਟ ਤਹਿਤ ਅਮਰੀਕ ਸਿੰਘ, ਸ਼ਰਨਜੀਤ ਸਿੰਘ, ਹਰਜੀਤ ਸਿੰਘ ਤੇ ਰਤਨਜੋਤ ਸਿੰਘ ਵਾਸੀ ਪਿੰਡ ਟਾਂਡਾ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।