ਗੁਰਨਾਮ ਸਿੰਘ ਚੌਹਾਨ
ਪਾਤੜਾਂ, 14 ਅਕਤੂਬਰ
ਪਿੰਡ ਗਲੌਲੀ ਤੇ ਸ਼ੇਰਗੜ੍ਹ ਦੀ 1400 ਏਕੜ ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਬਾਸਮਤੀ ਦੀ ਫਸਲ ਨੂੰ ਬੀਐੱਲਬੀ (ਝੁਲਸ) ਰੋਗ ਨੇ ਤਬਾਹ ਕਰਕੇ ਰੱਖ ਦਿੱਤਾ ਹੈ। ਪ੍ਰਭਾਵਿਤ ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਤੇ ਸਿਵਲ ਪ੍ਰਸ਼ਾਸਨ ਕੋਲ ਕਈ ਵਾਰ ਪਹੁੰਚ ਕਰਨ ’ਤੇ ਤਬਾਹ ਹੋਈ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੇ ਕੋਈ ਹੁਕਮ ਜਾਰੀ ਨਹੀਂ ਹੋਏ। ਇਸੇ ਦੌਰਾਨ ਮਾਲ ਤੇ ਖੇਤੀਬਾੜੀ ਵਿਭਾਗ ਦੇ ਕੁਝ ਅਧਿਕਾਰੀਆਂ ਨੇ ਮੌਕੇ ’ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਕਿਸਾਨਾਂ ਦੀਆਂ ਅੱਖਾਂ ਪੂੰਝਣ ਦੀ ਕੋਸ਼ਿਸ਼ ਕੀਤੀ ਹੈ ਪਰ ਕੁਦਰਤ ਦੀ ਮਾਰ ਝੱਲਦੇ ਪੀੜਤ ਕਿਸਾਨ ਨੂੰ ਪੰਜਾਬ ਸਰਕਾਰ ਸਿਵਲ ਪ੍ਰਸ਼ਾਸਨ ਦੀ ਤਰਫੋਂ ਮੁਆਵਜ਼ਾ ਦਿੱਤੇ ਜਾਣ ਦਾ ਭਰੋਸਾ ਨਾ ਮਿਲਣ ’ਤੇ ਉਹ ਮਾਰੇ ਮਾਰੇ ਫਿਰ ਰਹੇ ਹਨ।
ਪਿੰਡ ਗਲੌਲੀ ਦੇ ਜਗਜੀਤ ਸਿੰਘ, ਕੰਵਲਜੀਤ ਸਿੰਘ, ਸਾਹਿਬ ਸਿੰਘ, ਮਨਜਿੰਦਰ ਸਿੰਘ, ਜਸਪਾਲ ਸਿੰਘ, ਜਰਨੈਲ ਸਿੰਘ, ਸਤਬਿੀਰ ਸਿੰਘ ਨੇ ਦੱਸਿਆ ਕਿ ਹਰਿਆਣਾ ਨਾਲ ਲੱਗਦੀ ਪੰਜਾਬ ਦੀ ਬੈਲਟ ’ਚ ਹਰਿਆਣਾ ਵੱਲੋਂ ਆਏ ਝੁਲਸ ਰੋਗ ਨੇ ਪਿੰਡ ਗਲੋਲੀ ਦੀ 1000 ਤੋਂ ਵੱਧ ਏਕੜ ਬਾਸਮਤੀ ਦੀ ਫ਼ਸਲ ਬਿੱਲਕੁਲ ਤਬਾਹ ਕਰ ਦਿੱਤੀ ਹੈ। ਇਸ ਰੋਗ ਦੇ ਹਮਲੇ ਨਾਲ ਨਾਲ ਲੱਗਦੇ ਪਿੰਡ ਸ਼ੇਰਗੜ੍ਹ ਦੀ 400 ਏਕੜ ਬਾਸਮਤੀ ਦੀ ਫਸਲ ਬਰਬਾਦ ਹੋ ਗਈ ਹੈ।
ਉਨ੍ਹਾਂ ਕਿਹਾ ਹੈ ਕਿ ਪੀੜਤ ਕਿਸਾਨਾਂ ਨੇ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਐੱਸਡੀਐੱਮ ਪਾਤੜਾਂ ਨੂੰ ਮਿਲ ਕੇ ਬਰਬਾਦ ਹੋਈ ਫ਼ਸਲ ਸਬੰਧੀ ਪੱਤਰ ਦਿੱਤਾ ਸੀ। ਜਿਸ ’ਚ ਉਨ੍ਹਾਂ ਦੱਸਿਆ ਹੈ ਕਿ ਖੇਤੀ ਵਿਭਿੰਨਤਾ ਅਪਨਾਉਂਦੇ ਹੋਏ ਵੱਡੇ ਪੱਧਰ ’ਤੇ ਪਿੰਡ ਵਾਸੀਆਂ ਨੇ 1401 ਬਾਸਮਤੀ ਦੀ ਕਾਸ਼ਤ ਕੀਤੀ ਸੀ। ਜਦੋਂ ਉਨ੍ਹਾਂ ਦੀ ਫਸਲ ਪੱਕਣ ਲਈ ਤਿਆਰ ਹੋ ਰਹੀ ਸੀ ਤਾਂ ਹਰਿਆਣਾ ਵੱਲੋਂ ਆਏ ਝੁਲਸ ਰੋਗ ਨੇ ਫਸਲ ਤਬਾਹ ਕਰਕੇ ਰੱਖ ਦਿੱਤੀ। ਉਨ੍ਹਾਂ ਦੱਸਿਆ ਹੈ ਕਿ ਰੋਗ ਮਗਰੋਂ ਮੁੰਜਰਾਂ ’ਚ ਦਾਣੇ ਨਾ ਬਣਨ ਕਰਕੇ ਉਨ੍ਹਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਇਸੇ ਦੌਰਾਨ ਵਿਰਸਾ ਸਿੰਘ ਨੇ 100 ਏਕੜ ਜ਼ਮੀਨ ਮਹਿੰਗੇ ਠੇਕੇ ’ਤੇ ਲੈ ਕੇ ਕਾਸ਼ਤ ਕੀਤੀ ਸੀ। ਇਸੇ ਤਰ੍ਹਾਂ 80/80 ਏਕੜ ਦਾ ਠੇਕਾ ਭਰ ਕੇ ਕਰਨੈਲ ਸਿੰਘ ਤੇ ਸਤੀਸ਼ ਉਜਾਨਾ ਵੱਲੋਂ ਖੇਤੀ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ ਫਸਲ ਖਰਾਬ ਹੋ ਜਾਣ ਕਾਰਨ ਠੇਕੇ ’ਤੇ ਜ਼ਮੀਨਾਂ ਲੈ ਕੇ ਕਾਸ਼ਤ ਕਰਨ ਵਾਲਿਆਂ ’ਤੇ ਵੱਡਾ ਆਰਥਿਕ ਸੰਕਟ ਆਇਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਖਰਾਬ ਹੋਈ ਫ਼ਸਲ ਦਾ ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।
ਕਮੇਟੀ ਨੂੰ ਤਿੰਨ ਦਿਨਾਂ ਵਿੱਚ ਰਿਪੋਰਟ ਦੇਣ ਦੀ ਕੀਤੀ ਹੈ ਹਦਾਇਤ: ਐੱਸਡੀਐੱਮ
ਡਐੱਸਡੀਐੱਮ ਪਾਤੜਾਂ ਅੰਕੁਰਜੀਤ ਸਿੰਘ ਨੇ ਕਿਹਾ ਹੈ ਕਿ ਬੀਐੱਲਬੀ ਬੀਮਾਰੀ ਨਾਲ ਖਰਾਬ ਹੋਈ ਬਾਸਮਤੀ ਸਬੰਧੀ ਕਿਸਾਨਾਂ ਵੱਲੋਂ ਉਨ੍ਹਾਂ ਦੇ ਧਿਆਨ ’ਚ ਲਿਆਂਦੇ ਜਾਣ ’ਤੇ ਉਨ੍ਹਾਂ ਮਾਲ ਵਿਭਾਗ ਤੇ ਖੇਤੀਬਾੜੀ ਵਿਭਾਗ ਦੀ ਦੋ ਮੈਂਬਰੀ ਕਮੇਟੀ ਦਾ ਗਠਨ ਕਰਕੇ ਉਸ ਨੂੰ ਤਿੰਨ ਦਿਨਾਂ ’ਚ ਰਿਪੋਰਟ ਦੇਣ ਲਈ ਹਦਾਇਤ ਕੀਤੀ ਹੈ ਤਾਂ ਜੋ ਪੀੜਤ ਕਿਸਾਨਾਂ ਨੂੰ ਪੰਜਾਬ ਸਰਕਾਰ ਤੋਂ ਯੋਗ ਮੁਆਵਜ਼ਾ ਦਿਵਾਇਆ ਜਾ ਸਕੇ।