ਸਰਬਜੀਤ ਸਿੰਘ ਭੰਗੂ/ਦਰਸ਼ਨ ਸਿੰਘ ਮਿੱਠਾ
ਪਟਿਆਲਾ/ਰਾਜਪੁਰਾ, 27 ਮਈ
ਰਾਜਪੁਰਾ ਦੇ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਸਪੈਸ਼ਲ ਸੈੱਲ ਦੇ ਇੰਚਾਰਜ ਹੈਰੀ ਬੋਪਾਰਾਏ ਨੇ ਸਮੇਤ ਟੀਮ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੋਹ ਦੇ 2 ਮੈਂਬਰਾਂ ਨੂੰ ਤਿੰਨ ਪਿਸਤੌਲਾਂ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਪੁਲੀਸ ਲਾਈਨ ਪਟਿਆਲਾ ਵਿੱਚ ਐੱਸਐੱਸਪੀ ਵਰੁਣ ਸ਼ਰਮਾ, ਐੱਸਪੀ ਸਿਟੀ ਸਰਫਰਾਜ਼ ਆਲਮ ਅਤੇ ਐੱਸਪੀ (ਡੀ) ਯੋਗੇਸ਼ ਸ਼ਰਮਾ ਨੇ ਇੱਕ ਪ੍ਰੈੱਸ ਕਾਨਫਰੰਸ ਕੀਤੀ।
ਇਸ ਦੌਰਾਨ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਗਰੋਹ ਦੇ ਇਹ ਮੈਂਬਰ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਅਤੇ ਫਿਰੌਤੀਆਂ ਲੈਂਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ’ਚ ਹਰਜਿੰਦਰ ਸਿੰਘ ਲਾਡੀ ਵਾਸੀ ਬਨੂੜ ਅਤੇ ਸ਼ੁਭੀਰ ਸਿੰਘ ਸ਼ੁਭੀ ਵਾਸੀ ਪਿੰਡ ਨਾਭਾ ਸਾਹਿਬ ਜ਼ੀਰਕਪੁਰ ਸ਼ਾਮਲ ਹਨ, ਜਿਨ੍ਹਾਂ ਕੋਲੋਂ ਜਾਅਲੀ ਨੰਬਰ ਵਾਲੀ ਇਕ ਕਾਰ ਵੀ ਬਰਾਮਦ ਕੀਤੀ ਗਈ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਦੇ 2 ਸਾਥੀ ਪਵਨ ਵਾਸੀ ਫੋਕਲ ਪੁਆਇੰਟ ਰਾਜਪੁਰਾ ਅਤੇ ਵਿਪਨ ਕੁਮਾਰ ਉਰਫ ਕਰਨ ਵਾਸੀ ਬਨੂੜ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਹੈਰੀ ਬੋਪਾਰਾਏ ਦਾ ਕਹਿਣਾ ਸੀ ਕਿ ਚਾਰਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐੱਸਐੱਸਪੀ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇੇ ਕੰਮ ਕਰਦੇ ਸਨ। ਉਨ੍ਹਾਂ ਦੱਸਿਆ ਕਿ ਹੁਣ ਵੀ ਮੁਲਜ਼ਮਾਂ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਉਨ੍ਹਾਂ ਦੱਸਿਆ ਕਿ ਹਰਜਿੰਦਰ ਲਾਡੀ ਨੇ ਪਹਿਲਾਂ ਪੰਚਕੂਲਾ ਵਿੱਚ ਮੀਤ ਬਾਊਂਸਰ ਦਾ ਗੋਲੀਆ ਮਾਰ ਕੇ ਕਤਲ ਕੀਤਾ ਸੀ ਅਤੇ ਸ਼ੁਭੀਰ ’ਤੇ ਨਸ਼ੇ ਦੀ ਤਸਕਰੀ ਦੇ ਕੇਸ ਦਰਜ ਹਨ।