ਸਰਬਜੀਤ ਸਿੰਘ ਭੰਗੂ/ਬਹਾਦਰ ਸਿੰਘ ਮਰਦਾਂਪੁਰ
ਪਟਿਆਲਾ/ ਰਾਜਪੁਰਾ, 27 ਅਕਤੂਬਰ
ਪਟਿਆਲਾ ਪੁਲੀਸ ਵੱਲੋਂ ਇੱਕ ਦਿਨ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਆਈਪੀਐੱਲ ਮੈਚਾਂ ’ਤੇ ਆਨਲਾਈਨ ਦੜਾ ਸੱਟਾ ਲਾਉਣ ਵਾਲੇ ਗਿਰੋਹ ਦੇ ਮੁੱਖ ਸਰਗਣੇ ਰੌਕੀ ਤੋਂ ਅੱਜ .32 ਬੋਰ ਦੇ ਨਾਜਾਇਜ਼ ਕਾਰਤੂਸ ਬਰਾਮਦ ਕੀਤੇ ਹਨ। ਉਸ ਖ਼ਿਲਾਫ਼ ਇੱਕ ਹੋਰ ਕੇਸ ਦਰਜ ਕੀਤਾ ਗਿਆ ਹੈ।
ਐੱਸਐੱਸਪੀ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਇਸ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਤੋਂ ਦੋ ਦਿਨਾਂ ਦਾ ਪੁਲੀਸ ਰਿਮਾਂਡ ਲਿਆ ਸੀ। ਉਸ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ ਆਨਲਾਈਨ ਦੜੇ ਸੱਟੇ ਦੇ ਕਾਰੋਬਾਰ ਨੂੰ ਵਧਾਉਣ ਤੇ ਆਮ ਲੋਕਾਂ ’ਚ ਆਪਣੀ ਧਾਕ ਜਮਾਉਣ ਲਈ ਦੋ ਲਾਇਸੈਂਸੀ ਪਿਸਤੌਲ ਖਰੀਦੇ ਹਨ। ਇਨ੍ਹਾਂ ਵਿੱਚੋਂ ਇੱਕ.32 ਬੋਰ ਰਿਵਾਲਵਰ ਤੇ ਉਸ ਦੇ ਲਾਇਸੈਂਸ ’ਤੇ 25 ਕਾਰਤੂਸ ਤੇ ਇੱਕ.32 ਬੋਰ ਪਿਸਤੌਲ ’ਤੇ 25 ਕਾਰਤੂਸ ਚੜ੍ਹੇ ਹੋਏ ਹਨ। ਇਸ ਦੇ ਬਾਵਜੂਦ ਇਸ ਨੇ ਆਪਣਾ ਪ੍ਰਭਾਵ ਵਧਾਉਣ ਲਈ ਕÎਥਿਤ ਗ਼ੈਰ ਕਾਨੂੰਨੀ ਢੰਗ ਨਾਲ ਨਾਜਾਇਜ਼ 31 ਹੋਰ ਕਾਰਤੂਸ ਆਪਣੇ ਰੱਖੇ ਹਨ। ਇਸ ਦੌਰਾਨ ਆਸਲਾ ਲਾਇਸੈਂਸ ’ਤੇ ਦਰਜ ਹੋਏ ਰੌਂਦ ਪੂਰੇ ਰਹਿਣ ’ਤੇ ਉਹ ਆਪਣੇ ਹਥਿਆਰਾਂ ਦੇ 25-25 ਕਾਰਤੂਸ ਕੁਲ 50 ਕਾਰਤੂਸ ਦਿਖਾ ਕੇ ਆਪਣੇ ਆਪ ਨੂੰ ਸਾਫ਼ ਰੱਖ ਸਕੇ। ਉਨ੍ਹਾਂ ਦੱਸਿਆ ਕਿ ਇਸ ਕੋਲੋਂ.32 ਬੋਰ ਦੇ ਨਾਜਇਜ਼ ਕਾਰਤੂਸ ਬਰਾਮਦ ਹੋਣ ’ਤੇ ਉਸ ਵਿਰੁੱਧ ਅਸਲਾ ਐਕਟ ਤਹਿਤ ਥਾਣਾ ਸਿਟੀ ਰਾਜਪੁਰਾ ’ਚ ਇੱਕ ਹੋਰ ਕੇਸ ਦਰਜ ਕੀਤਾ ਗਿਆ ਹੈ।