ਸਰਬਜੀਤ ਸਿੰਘ ਭੰਗੂ
ਪਟਿਆਲਾ, 16 ਜੁਲਾਈ
ਪਟਿਆਲਾ ਜ਼ਿਲ੍ਹੇ ’ਚ ਆਏ ਭਾਰੀ ਹੜ੍ਹਾਂ ਕਾਰਨ ਸਕੂਲਾਂ ਵਿਚ ਕੀਤੀਆਂ ਗਈਆਂ ਛੁੱਟੀਆਂ 16 ਜੁਲਾਈ ਨੂੰ ਖਤਮ ਹੋ ਗਈਆਂ ਹਨ ਤੇ ਸਰਕਾਰ ਨੇ ਸਾਰੇ ਸਕੂਲ ਖੋਲ੍ਹਣ ਦੀ ਹਦਾਇਤ ਕੀਤੀ ਹੈ ਜਿਸ ਦੇ ਚੱਲਦਿਆਂ 17 ਜੁਲਾਈ ਤੋਂ ਪਟਿਆਲਾ ਜ਼ਿਲ੍ਹੇ ਵਿਚਲੇ 375 ਵਿਚੋਂ 330 ਸਕੂਲ ਖੁੱਲ੍ਹ ਰਹੇ ਹਨ। ਦੇਵੀਗੜ੍ਹ ਖੇਤਰ ਦੇ ਮਗਰ ਸਾਹਿਬ ਅਤੇ ਘਨੌਰ ਦੇ ਚਮਾਰੂ ਸਮੇਤ 35 ਸਕੂਲ ਅਜੇ ਵੀ ਸੁਖਾਵੇਂ ਹਾਲਾਤ ’ਚ ਨਾ ਹੋਣ ਕਾਰਨ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਭਾਰੀ ਹੜ੍ਹ ਦੀ ਮਾਰ ਹੇਠ ਆਇਆ ਅਰਬਨ ਅਸਟੇਟ ਵਿਚਲਾ ਪ੍ਰਾਈਵੇਟ ਰਿਆਨ ਸਕੂਲ ਵੀ ਅਜੇ ਇੱਕ ਦਿਨ ਹੋਰ ਬੰਦ ਰਹੇਗਾ।
ਜ਼ਿਕਰਯੋਗ ਹੈ ਕਿ ਪਟਿਆਲਾ ਜ਼ਿਲ੍ਹੇ ਵਿਚਲੇ 375 ਸਕੂਲਾਂ ਵਿਚੋਂ 114 ਸੀਨੀਅਰ ਸੈਕੰਡਰੀ 84, ਹਾਈ ਅਤੇ ਬਾਕੀ ਐਲੀਮੈਂਟਰੀ/ਪ੍ਰ੍ਰਾਈਮਰੀ ਸਕੂਲ ਹਨ। ਪਿਛਲੇ ਹਫਤੇ ਆਏ ਹੜ੍ਹਾਂ ਕਾਰਨ ਇਨ੍ਹਾਂ ਵਿਚੋਂ ਅਨੇਕਾਂ ਸਕੂਲਾਂ ਜਾਂ ਇਨ੍ਹਾਂ ਨੂੰ ਜਾਂਦੇ ਰਸਤਿਆਂ ਵਿਚ ਪਾਣੀ ਭਰ ਗਿਆ ਸੀ। ਜ਼ਿਆਦਾਤਰ ਰਾਜਪੁਰਾ, ਘਨੌਰ, ਬਹਾਦਰਗੜ੍ਹ, ਦੇਵੀਗੜ੍ਹ, ਦੂਧਣਸਾਧਾਂ, ਸਨੌਰ, ਬਲਬੇੜਾ, ਸਮਾਣਾ ਅਤੇ ਪਾਤੜਾਂ ਖੇਤਰ ਦੇ ਸਕੂਲਾਂ ਦੀ ਹਾਲਤ ਜ਼ਿਆਦਾ ਬਦਤਰ ਰਹੀ। ਗਰਮੀਆਂ ਦੀਆਂ ਛੁੱਟੀਆਂ ਭਾਵੇਂ ਪਿਛਲੇ ਹਫਤੇ ਹੀ ਖ਼ਤਮ ਹੋ ਗਈਆਂ ਸਨ। ਪਰ ਹੜ੍ਹਾਂ ਕਰਕੇ ਪੰਜਾਬ ਸਰਕਾਰ ਨੂੰ ਇਨ੍ਹਾਂ ਵਿਚ ਵਾਧਾ ਕਰਨਾ ਪਿਆ। ਜਿਸ ਤਹਿਤ 16 ਜੁਲਾਈ ਤੱਕ ਕੀਤੀਆਂ ਗਈਆਂ ਛੁੱਟੀਆਂ ਅੱਜ ਖਤਮ ਹੋ ਗਈਆਂ ਹਨ ਤੇ ਸਰਕਾਰ ਨੇ ਬਾਕਾਇਦਾ 17 ਜੁਲਾਈ ਤੋਂ ਪੰਜਾਬ ਦੇ ਸਾਰੇ ਸਕੂਲ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਹਨ। ਇਸੇ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮਿਲੀਆਂ ਰਿਪੋਰਟਾਂ ਮਗਰੋਂ ਵਿਸ਼ੇਸ਼ ਤੌਰ ’ਤੇ ਆਦੇਸ਼ ਜਾਰੀ ਕਰਕੇ ਅੱਜ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚਲੇ 150 ਤੋਂ ਵਧੇਰੇ ਸਕੂਲਾਂ ਵਿਚ ਸਾਫ਼ ਸਫਾਈ ਯਕੀਨੀ ਬਣਵਾ ਕੇ ਇਨ੍ਹਾਂ ਨੂੰ ਵਿਦਿਆਰਥੀਆਂ ਦੀਆਂ ਕਲਾਸਾਂ ਲਈ ਤਿਆਰ ਕਰਵਾਇਆ ਹੈ। ਪਟਿਆਲਾ ਦੇ ਡੀਈਓ ਸੈਕੰਡਰੀ ਹਰਿੰਦਰ ਕੌਰ ਦਾ ਕਹਿਣਾ ਹੈ ਕਿ ਡੀਡੀਪੀਓ ਅਮਨਦੀਪ ਕੌਰ ਦੀ ਦੇਖ-ਰੇਖ ਹੇਠ ਪਟਿਆਲਾ, ਭੁਨਰਹੇੜੀ, ਸਮਾਣਾ, ਪਾਤੜਾਂ, ਰਾਜਪੁਰਾ, ਘਨੌਰ ਤੇ ਸਨੌਰ ਬੀਡੀਪੀਓਜ਼ ਨੇ ਸਬੰਧਤ ਪੰਚਾਇਤਾਂ ਦੇ ਸਹਿਯੋਗ ਨਾਲ਼ ਇਹ ਅਹਿਮ ਕਾਰਜ ਮਗਨਰੇਗਾ ਵਰਕਰਾਂ ਵੱਲੋਂ ਕੀਤਾ ਗਿਆ ਹੈ।
ਮੂਨਕ ਤੇ ਖਨੌਰੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕੁਝ ਸਕੂਲ ਅਗਲੇ ਹੁਕਮਾਂ ਤੱਕ ਬੰਦ
ਸੰਗਰੂਰ (ਗੁਰਦੀਪ ਸਿੰਘ ਲਾਲੀ): ਜ਼ਿਲ੍ਹਾ ਮੈਜਿਸਟਰੇਟ ਜਤਿੰਦਰ ਜੋਰਵਾਲ ਨੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਤੋਂ ਪ੍ਰਾਪਤ ਪੱਤਰ ਵਿੱਚ ਦਰਜ ਦਿਸ਼ਾ ਨਿਰਦੇਸ਼ਾਂ ਦੀ ਰੌਸ਼ਨੀ ਵਿੱਚ ਜ਼ਿਲ੍ਹਾ ਸੰਗਰੂਰ ਦੇ ਕੁਝ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਅਗਲੇ ਹੁਕਮਾਂ ਤੱਕ ਛੁੱਟੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦੀ ਰਿਪੋਰਟ ਤੋਂ ਬਾਅਦ ਜਾਰੀ ਕੀਤੇ ਗਏ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲ ਮੂਨਕ (ਲੜਕੇ) ਬਾਦਲਗੜ੍ਹ, ਸ਼ੇਰਗੜ੍ਹ, ਭ.ਰ.ਮੂਨਕ, ਸਲੇਮਗੜ੍ਹ, ਸੁਰਜਨ ਭੈਣੀ, ਦੇਹਲਾ ਸੀਹਾਂ, ਬੱਲ੍ਹਰਾਂ, ਪਾਪੜਾ, ਗਨੋਟਾ, ਘਮੂਰਘਾਟ, ਫੂਲਦ, ਮਕਰੋੜ ਸਾਹਿਬ, ਮਨਿਆਣਾ, ਰਾਮਪੁਰ ਗੁੱਜਰਾਂ, ਕੁਦਨੀ, ਹਾਂਡਾ, ਬੰਗਾ, ਰਾਜਲਹੇੜੀ, ਡੂਡੀਆਂ, ਭਾਠੂਆਂ, ਹਮੀਰਗੜ੍ਹ, ਬੁਸ਼ਹਿਰਾ, ਨਵਾਂਗਾਓਂ, ਜੁਲਮਗੜ੍ਹ, ਬ.ਬ ਨਵਾਂ ਗਾਓ, ਹੋਤੀਪੁਰ ਵਿੱਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਛੁੱਟੀ ਰਹੇਗੀ।ਇਸ ਤੋਂ ਇਲਾਵਾ ਸ਼ਾਹਪੁਰ ਥੇੜੀ, ਸਲੇਮਗੜ੍ਹ, ਕੁਦਨੀ, ਦੇਹਲਾਂ ਸੀਹਾਂ ਤੇ ਮੰਡਵੀ ਦੇ ਸਰਕਾਰੀ ਮਿਡਲ ਸਕੂਲਾਂ ਵਿੱਚ ਛੁੱਟੀ ਰਹੇਗੀ। ਇਸ ਤੋਂ ਇਲਾਵਾ ਬਨਾਰਸੀ, ਹਮੀਰਗੜ੍ਹ, ਬੁਸ਼ਹਿਰਾ, ਚੂੜਲ ਕਲਾਂ ਦੇ ਸਰਕਾਰੀ ਹਾਈ ਸਕੂਲਾਂ ਵਿੱਚ ਛੁੱਟੀ ਰਹੇਗੀ। ਇਸ ਦੇ ਨਾਲ ਹੀ ਮੰਡਵੀ, ਮੂਨਕ (ਲੜਕੇ) ਤੇ (ਲੜਕੀਆਂ), ਮਨਿਆਣਾ ਤੇ ਰਾਮਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਛੁੱਟੀ ਰਹੇਗੀ।