ਗੁਰਨਾਮ ਸਿੰਘ ਅਕੀਦਾ
ਪਟਿਆਲਾ, 16 ਸਤੰਬਰ
ਪਟਿਆਲਾ ਜ਼ਿਲ੍ਹੇ ਦੇ ਵੱਖ ਵੱਖ ਖੇਤਰਾਂ ਵਿਚ ਆਮ ਆਦਮੀ ਪਾਰਟੀ ਵੱਲੋਂ ਆਕਸੀਮੀਟਰ ਨਾਲ ਲੋਕਾਂ ਦੀਆਂ ਨਬਜ਼ਾਂ ਟਟੋਲਨਾ ਜਾਰੀ ਹੈ, ਥਾਂ ਥਾਂ ਤੇ ਆ ਆਕਸੀ ਮਿੱਤਰਾਂ ਵੱਲੋਂ ਆਕਸੀਜਨ ਦਾ ਪੱਧਰ ਚੈੱਕ ਕਰਨ ਲਈ ਆਮ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਇਸੇ ਤਹਿਤ ਇੱਥੇ ਪਟਿਆਲਾ ਦਿਹਾਤੀ ਤੇ ਪਟਿਆਲਾ ਸ਼ਹਿਰੀ ਦੇ ਵੱਖੋ ਵੱਖ ਲੀਡਰਾਂ ਵੱਲੋਂ ਆਪਣੇ ਪੱਧਰ ਤੇ ਆਕਸੀਮੀਟਰਾਂ ਨਾਲ ਲੋਕਾਂ ਦਾ ਆਕਸੀਜਨ ਪੱਧਰ ਜਾਂਚਿਆ ਜਾ ਰਿਹਾ ਹੈ। ਪਾਰਟੀ ਦੇ ਪਟਿਆਲਾ ਦਿਹਾਤੀ ਸੀਨੀਅਰ ਆਗੂ ਮੇਘ ਚੰਦ ਸ਼ੇਰਮਾਜਰਾ ਵਾਰਡ ਨੰਬਰ 2 ਵਿੱਚ ਆਕਸੀ ਮਿੱਤਰ ਬਣ ਕੇ ਲੋਕਾਂ ਦੀ ਆਕਸੀਜਨ ਜਾਂਚ ਕੀਤੀ। ਸ੍ਰੀ ਸ਼ੇਰਮਾਜਰਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਇਸ ਪਹਿਲ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਕਹਿ ਰਹੇ ਹਨ ਕਿ ਇਸ ਵਾਰ ਆਮ ਆਦਮੀ ਪਾਰਟੀ ਹੀ ਲਿਆਉਣੀ ਹੈ। ਇਸ ਵੇਲੇ ਕੇਵਲ ਬਾਵਾ, ਰਵਿੰਦਰ ਸਿੰਘ ਭੋਲਾ, ਅਸ਼ੋਕ ਸਿਰਸਵਾਲ, ਖੁਸ਼ਵੰਤ ਸ਼ਰਮਾ ਨੇ ਸਾਥ ਦਿੱਤਾ। ਇਸੇ ਤਹਿਤ ਪਟਿਆਲਾ ਦੇ ਸਾਬਕਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਦੀ ਅਗਵਾਈ ਹੇਠ ਵੱਖ ਵੱਖ ਖੇਤਰਾਂ ਵਿੱਚ ਜਾਣ ਵਾਲੀਆਂ ਟੀਮਾਂ ਦਾ ਗਠਨ ਕੀਤਾ ਗਿਆ। ਸ੍ਰੀ ਮਹਿਤਾ ਨੇ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਸੂਬੇ ਵਿੱਚ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਆਕਸੀਮੀਟਰ ਦੀ ਮਦਦ ਨਾਲ ਆਕਸੀਜਨ ਦਾ ਸਰੀਰ ਵਿੱਚ ਸਹੀ ਮਾਤਰਾ ਜਾਣਨ ਲਈ ਕਾਰਜ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਪਾਰਕਾਂ, ਬਾਜ਼ਾਰਾਂ ਵਿੱਚ ਜਾ ਕੇ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਦੇ ਨਾਲ ਜਾਂਚ ਵੀ ਕੀਤੀ ਜਾ ਰਹੀ ਹੈ। ਇਸ ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਬਿਕਰਮ ਸ਼ਰਮਾ, ਹਰਪ੍ਰੀਤ ਸਿੰਘ ਢੀਠ, ਅਮਨ ਬਾਂਸਲ ਹਾਜ਼ਰ ਸਨ। ਇਸੇ ਤਹਿਤ ਹਲਕਾ ਸ਼ਹਿਰੀ ਵਿਚ ਹੀ ਕੁੰਦਨ ਗੋਗੀਆ ਤੋਂ ਇਲਾਵਾ ਹਲਕਾ ਦਿਹਾਤੀ ਵਿਚ ਕਰਨਵੀਰ ਟਿਵਾਣਾ, ਪ੍ਰੀਤੀ ਮਲਹੋਤਰਾ, ਮੇਜਰ ਮਲਹੋਤਰਾ, ਪ੍ਰਿੰ. ਜੇਪੀ ਸਿੰਘ, ਸਰਬਜੀਤ ਉੱਖਲਾ ਆਦਿ ਦੀਆਂ ਟੀਮਾਂ ਨੇ ਵੀ ਪਿੰਡਾਂ ਵਿਚ ਲੋਕਾਂ ਦਾ ਆਕਸੀਜਨ ਪੱਧਰ ਚੈੱਕ ਕੀਤਾ।