ਰਮੇਸ਼ ਭਾਰਦਵਾਜ
ਲਹਿਰਾਗਾਗਾ, 27 ਜੂਨ
ਇਥੇ ਰਿਲਾਇੰਸ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਬਲਾਕ ਆਗੂ ਰਾਮ ਸਿੰਘ ਨੰਗਲਾ ਦੀ ਅਗਵਾਈ ਹੇਠ 269ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਧਰਨੇ ਦੀ ਸਟੇਜ ਦਾ ਸੰਚਾਲਨ ਪ੍ਰੀਤਮ ਲਹਿਲ ਕਲਾਂ ਨੇ ਕੀਤਾ। ਇਸ ਮੌਕੇ ਬਲਾਕ ਆਗੂ ਦਰਸਨ ਸਿੰਘ ਚੰਗਾਲੀਵਾਲਾ, ਬਲਾਕ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ,ਕਲਵਿੰਦਰ ਬਖੋਰਾ, ਕਾਕਾ ਗਾਗਾ,ਬਿੰਦਰ ਖੋਖਰ, ਹਰਸੇਵਕ ਸਿੰਘ ਲਹਿਲ ਖੁਰਦ , ਜੈਦੀਪ ਸਿੰਘ ਲਹਿਲ ਖੁਰਦ, ਗੁਰਮੇਲ ਸਿੰਘ ਕੋਟੜਾ, ਜਸਵਿੰਦਰ ਕੌਰ ਗਾਗਾ, ਬਲਜੀਤ ਸਿੰਘ ਗੋਬਿੰਦਗੜ ਜੈਜੀਆਂ, ਗੁਰਮੇਲ ਕੌਰ ਗਿਦਰਿਆਣੀ, ਬੂਟਾ ਭੂਟਾਲ,ਕਾਲਾ ਸਿੰਘ ਰਾਮਗੜ੍ਹ ਨੇ ਕੱਲ ਦੇ ਚੰਡੀਗੜ੍ਹ ’ਚ ਮੈਮੇਰਡਮ ਦੇਣ ’ਚ ਪੰਜਾਬ ਤੇ ਹਰਿਆਦਾ ਦੇ ਹਜ਼ਾਰਾਂ ਦੀ ਗਿਣਤੀ ’ਚ ਪਹੁੰਚੇ ਕਿਸਾਨ ਮਜ਼ਦੂਰਾਂ ਨੇ ਮੋਦੀ ਸਰਕਾਰ ਨੂੰ ਵਖ਼ਤ ਪਾ ਦਿੱਤਾ ਹੈ। ਜਿਸ ਕਰਕੇ ਮੋਦੀ ਸਰਕਾਰ ਨੂੰ ਹੁਣ ਕਸ਼ਮੀਰ ਮਸਲੇ ਵਾਂਗ ਕਿਸਾਨ ਅੰਦੋਲਨ ਵੱਲ ਵੀ ਧਿਆਨ ਦੇ ਕੇ ਖੇਤੀ ਕਾਨੂੰਨ ਰੱਦ ਕਰਨ ਤੇ ਸਮਰਥਨ ਮੁੱਲ ਨੂੰ ਕਾਨੂੰਨੀ ਦਰਜਾ ਦੇਣਾ ਚਾਹੀਦਾ ਹੈ, ਜਦਕਿ ਕਿਸਾਨ ਜਥੇਬੰਦੀਆਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਹ ਭਾਜਪਾ ਪਾਰਟੀ ਦੇ ਸਿਆਸੀ ਆਗੂਆਂ ਨੂੰ ਪਿੰਡਾਂ ਵਿਚ ਵੜਨ ਨਹੀਂ ਦੇਣਗੇ। ਉਨ੍ਹਾਂ ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਨੂੰ ਥੋੜਾ ਜਿਹਾ ਹੋਰ ਹੰਭਲਾ ਮਾਰਨ ਦੀ ਲੋੜ ਹੈ ਤੇ ਕਿਸਾਨ ਮਜ਼ਦੂਰਾਂ ਦੀ ਜਿੱਤ ਯਕੀਨੀ ਹੈ। ਧਰਨਾਕਾਰੀਆਂ ਨੇ ਕਿਹਾ ਕਿ ਉਹ ਜਿੱਤ ਪ੍ਰਾਪਤ ਕਰਕੇ ਹੀ ਘਰ ਵਾਪਸ ਪਰਤਾਂਗੇ। ਕਿਸਾਨਾਂ ਨੇ ਕਿਹਾ ਕਿ ਪਿੰਡਾਂ ਵਿਚ ਕਮੇਟੀਆਂ ਬਣਾ ਕੇ ਘਰ ਘਰ ਕੇਂਦਰ ਵੱਲੋਂ ਲਾਗੂ ਕੀਤੇ ਕਾਲੇ ਕਾਨੂੰਨਾਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਅੰਦੋਲਨ ਨੂੰ ਜਿੰਨਾ ਜ਼ਿਆਦਾ ਖਿੱਚੇਗੀ। ਉੰਨਾ ਵੱਧ ਨੁਕਸਾਨ ਪੱਛਮੀ ਬੰਗਾਲ ਵਾਂਗ ਭਾਜਪਾ ਨੂੰ ਭੁਗਤਣਾ ਪਵੇਗਾ।