ਸਰਬਜੀਤ ਭੰਗੂ
ਪਟਿਆਲਾ, 9 ਅਗਸਤ
ਕਾਂਗਰਸ ਪਾਰਟੀ ਦੇ ਪੁਰਾਣੇ ਆਗੂ ਅਤੇ ਹੁਣ ਪੰਜਵੀਂ ਵਾਰ ਕੌਂਸਲਰ ਬਣੇ ਕ੍ਰਿਸ਼ਨ ਚੰਦ ਬੁੱਧੂ ਨੇ ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਮੌਕੇ ’ਤੇ ਅੱਜ ਇੱਥੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬੁੱਤ ’ਤੇ ਪਹੁੰਚ ਕੇ ਪਟਿਆਲਾ ਦੇ ਕਾਂਗਰਸੀ ਮੇਅਰ ਸੰਜੀਵ ਬਿੱਟੂ ਖਿਲਾਫ਼ ਧਰਨਾ ਮਾਰਿਆ। ਦੋਵੇਂ ਹੱਥਾਂ ਵਿੱਚ ਤਿਰੰਗੇ ਝੰਡੇ ਫੜਨ ਸਮੇਤ ਬੁੱਧੂ ਨੇ ਆਪਣੇ ਆਲ਼ੇ ਦੁਆਲ਼ੇ ਕਈ ਅਜਿਹੀਆਂ ਤਖਤੀਆਂ ਵੀ ਲਾਈਆਂ ਹੋਈਆਂ ਸਨ, ਜੋ ਮੇਅਰ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾ ਰਹੀਆਂ ਸਨ।
ਇਸ ਮੌਕੇ ਬੁੱਧੂ ਜਿੱਥੇ ਕਾਂਗਰਸ ਪਾਰਟੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹੱਕ ’ਚ ਨਾਅਰੇ ਲਾ ਰਹੇ ਸਨ, ਉੱਥੇ ਹੀ ਉਸ ਨੇ ਮੇਅਰ ਵਿਰੋਧੀ ਕਈ ਨਾਅਰੇ ਵੀ ਲਾਏ। ਇਸ ਕਰਕੇ ਰਾਜਸੀ ਹਲਕਿਆਂ ’ਚ ਇਹ ਮਾਮਲਾ ਭਾਰੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਕਿਉਂਕਿ ਬੁੱਧੂ ਵੀ ਕਾਂਗਰਸੀ ਹੈ। ਇਸ ਕਰਕੇ ਇੱਕ ਕਾਂਗਰਸੀ ਆਗੂ ਵੱਲੋਂ ਕਾਂਗਰਸ ਪਾਰਟੀ ਨਾਲ ਹੀ ਸਬੰਧਤ ਮੇਅਰ ਦੇ ਖਿਲਾਫ਼ ਗੰਭੀਰ ਦੋਸ਼ ਲਾਉਣ ਦੀ ਇਸ ਕਾਰਵਾਈ ਨੂੰ ਕਾਂਗਰਸ ਦੀਆਂ ਵਿਰੋਧੀ ਰਾਜਸੀ ਧਿਰਾਂ ਵੱਲੋਂ ਹੋਰ ਵੀ ਜੋਰ-ਸ਼ੋਰ ਨਾਲ਼ ਉਭਾਰਿਆ ਜਾ ਰਿਹਾ ਸੀ।
ਯਾਦ ਰਹੇ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਦੋ ਦਿਨਾ ਮਗਰੋਂ ਹੀ ਕ੍ਰਿਸ਼ਨ ਚੰਦ ਬੁੱਧੂ ਨੇ ਚੰਡੀਗੜ੍ਹ ਜਾ ਕੇ ਨਵਜੋਤ ਸਿੱਧੂ ਦੇ ਨਾਲ਼ ਮੁਲਾਕਾਤ ਕਰਦਿਆਂ, ਪਟਿਆਲਾ ਦੇ ਹਾਲਾਤ ਬਾਰੇ ਇੱੱਕ ਪੱਤਰ ਵੀ ਸੌਂਪਿਆ ਜਿਸ ਦੌਰਾਨ ਮੇਅਰ ਨੂੰ ਆੜੇ ਹੱਥੀਂ ਲੈਂਦਿਆਂ, ਉਸ ਨੂੰ ਸ਼ਾਹੀ ਘਰਾਣੇ ਦਾ ਅਸ਼ੀਰਵਾਦ ਹੋਣ ਦਾ ਤਰਕ ਵੀ ਦਿੱਤਾ। ਇਸ ਮਗਰੋਂ ਬੂੱਧੂ ਦੇ ਖਿਲਾਫ਼ ਪਟਿਆਲਾ ਦੇ ਕਈ ਪ੍ਰਮੁੱਖ ਕਾਂਗਰਸੀ ਆਗੂਆਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ।