ਖੇਤਰੀ ਪ੍ਰਤੀਨਿਧ
ਪਟਿਆਲਾ, 14 ਸਤੰਬਰ
ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਸ਼ਹਿਰ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣ ਦੇ ਨਾਲ-ਨਾਲ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ 40 ਕਰੋੜ 93 ਲੱਖ ਰੁਪਏ ਦੀ ਲਾਗਤ ਨਾਲ ਹੈਰੀਟੇਜ ਸਟਰੀਟ ਦਾ ਕੰਮ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਇਹ ਦੋ ਕਿਲੋਮੀਟਰ ਲੰਮੀ ਹੈਰੀਟੇਜ ਸਟਰੀਟ ਸਮਾਣੀਆ ਗੇਟ ਤੋਂ ਸ਼ੁਰੂ ਹੋ ਕੇ ਸ਼ਾਹੀ ਸਮਾਧਾਂ ਤੋਂ ਹੁੰਦੇ ਹੋਏ ਦਾਲ ਦਲੀਆ ਚੌਕ, ਗੁੜ ਮੰਡੀ, ਬਰਤਨ ਬਾਜ਼ਾਰ, ਕਿਲ੍ਹਾ ਚੌਕ, ਚੂੜੀਆਂ ਵਾਲਾ ਬਾਜ਼ਾਰ, ਪੁਰਾਣੀ ਕੋਤਵਾਲੀ ਚੌਕ, ਸਦਰ ਬਾਜ਼ਾਰ, ਏ ਟੈਂਕ ਤੱਕ ਬਣਾਈ ਜਾਵੇਗੀ
ਇਹ ਜਾਣਕਾਰੀ ਮੇਅਰ ਸੰਜੀਵ ਬਿੱਟੂ ਨੇ ਇਸ ਸਬੰਧੀ ਅੱਜ ਇਥੇ ਹੋਈ ਪ੍ਰਧਾਨਗੀ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਮੀਟਿੰਗ ’ਚ ਹਾਜ਼ਰ ਰਹੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਕੰਮ ਨਾਲ ਸ਼ਹਿਰ ਨੂੰ ਨਵਾਂ ਰੂਪ ਮਿਲੇਗਾ। ਨਿਗਮ ਕਮਿਸ਼ਨਰ ਪੂਨਮਦੀਪ ਕੌਰ ਨੇ ਕਿਹਾ ਕਿ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਸਾਰੀ ਯੋਜਨਾ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਤਾਂ ਜੋ ਹੈਰੀਟੇਜ ਸਟਰੀਟ ਦੇ ਨਿਰਮਾਣ ਦੌਰਾਨ ਟ੍ਰੈਫ਼ਿਕ, ਬਿਜਲੀ ਸਪਲਾਈ, ਵਾਟਰ ਸਪਲਾਈ, ਸੀਵਰੇਜ ਪ੍ਰਣਾਲੀ ਤੇ ਲੋਕਾਂ ਦੇ ਕੰਮ ’ਤੇ ਕੋਈ ਮਾੜਾ ਅਸਰ ਨਾ ਪਵੇ।
ਮੇਅਰ ਨੇ ਕਿਹਾ ਕਿ ਲੋਕਾਂ ਦੀ ਮੁੱਢਲੀਆਂ ਸਹੂਲਤਾਂ ਦੇ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ। ਰੋਜ਼ਾਨਾ ਬਿਜਲੀ ਕੱਟ ਨਹੀਂ ਲਗਾਏ ਜਾ ਸਕਦੇ। ਇਸ ਲਈ ਜ਼ਰੂਰੀ ਹੈ ਕਿ ਹੈਰੀਟੇਜ ਸਟਰੀਟ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪਾਵਰਕੌਮ ਤੇ ਹੋਰ ਵਿਭਾਗ ਨਿਗਮ ਦੇ ਲਾਲ ਮਿਲ ਕੇ ਇਸ ਦੀ ਯੋਜਨਾ ਤਿਆਰ ਕਰੇ। ਪੁੱਡਾ ਐਕਸੀਅਨ ਅਜੇ ਗਰਗ ਨੇ ਦੱਸਿਆ ਕਿ ਦੋ ਕਿਲੋਮੀਟਰ ਦੀ ਲੰਮੀ ਹੈਰੀਟੇਜ ਸਟਰੀਟ ਨੂੰ 18 ਮਹੀਨੇ ਵਿਚ ਪੂਰਾ ਕੀਤਾ ਜਾਣਾ ਹੈ। ਇਸਦੇ ਦੋਵੇਂ ਪਾਸੇ ਲਾਲ ਪੱਥਰ ਨਾਲ ਫੁੱਟਪਾਥ ਤਿਆਰ ਕੀਤਾ ਜਾਵੇਗਾ। ਹੈਰੀਟੇਜ ਲਾਈਟਿੰਗ ਤੋਂ ਇਲਾਵਾ ਓਪਨ ਥੀਏਟਰ ਤੇ ਲੇਜਰ ਲਾਈਟਿੰਗ ਦਾ ਪ੍ਰਬੰਧ ਕੀਤਾ ਜਾਵੇਗਾ।