ਖੇਤਰੀ ਪ੍ਰਤੀਨਿਧ
ਪਟਿਆਲਾ, 6 ਜੁਲਾਈ
ਹਲਕਾ ਸਨੌਰ, ਘਨੌਰ, ਰਾਜਪੁਰਾ ਅਤੇ ਖੇੜਾ ਬਲਾਕ ਅਧੀਨ ਪੈਂਦੇ 404 ਪਿੰਡਾਂ ਦੇ ਵਸਨੀਕਾਂ ਨੂੰ ਨਹਿਰ ਦਾ ਰੋਜ਼ਾਨਾ 6.9 ਕਰੋੜ ਲਿਟਰ ਸਾਫ਼-ਸੁਥਰਾ ਤੇ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਵਾਲੇ 474 ਕਰੋੜ ਦੀ ਲਾਗਤ ਵਾਲੇ ਪ੍ਰਾਜੈਕਟ ’ਤੇ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਇਸ ਪ੍ਰਾਜੈਕਟ ਤਹਿਤ ਮੰਡੌਲੀ, ਪੱਬਰਾ ਅਤੇ ਨਾਨੋਵਾਲ ਵਿੱਚ ਲੋੜੀਂਦੇ ਕਾਰਜ ਚੱਲ ਰਹੇ ਹਨ।
ਰਾਜਪੁਰਾ ਅਤੇ ਘਨੌਰ ਤੋਂ ਕਾਂਗਰਸੀ ਵਿਧਾਇਕਾਂ ਹਰਦਿਆਲ ਕੰਬੋਜ ਅਤੇ ਮਦਨਲਾਲ ਜਲਾਲਪੁਰ ਅਤੇ ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਹੈਰੀ ਮਾਨ ਨੇ ਦੱਸਿਆ ਕਿ ਮੰਡੌਲੀ ਜਲ ਸੋਧਕ ਪਲਾਂਟ ਤੋਂ 204 ਪਿੰਡਾਂ ਨੂੰ ਰੋਜ਼ਾਨਾ 3.90 ਕਰੋੜ ਲਿਟਰ, ਘਨੌਰ ਹਲਕੇ ਦੇ 146 ਪਿੰਡਾਂ, ਰਾਜਪੁਰਾ ਹਲਕੇ ਦੇ 12 ਅਤੇ ਸਨੌਰ ਹਲਕੇ ਦੇ 46 ਪਿੰਡਾਂ ਦੀ 3.65 ਲੱਖ ਵੱਸੋਂ ਨੂੰ ਲਾਭ ਪਹੁੰਚਾਏਗਾ। ਪੱਬਰਾ ਜਲ ਸੋਧਕ ਪਲਾਂਟ ਤੋਂ ਰੋਜ਼ਾਨਾ 1.80 ਕਰੋੜ ਲਿਟਰ ਪੀਣ ਵਾਲਾ ਸਵੱਛ ਪਾਣੀ 112 ਪਿੰਡਾਂ ਦੀ 1.63 ਲੱਖ ਵੱਸੋਂ ਨੂੰ ਮਿਲੇਗਾ। ਇਨ੍ਹਾਂ ’ਚ 25 ਪਿੰਡ ਘਨੌਰ, 62 ਪਿੰਡ ਰਾਜਪੁਰਾ ਅਤੇ 23 ਪਿੰਡ ਸਨੌਰ ਹਲਕੇ ਤੋਂ ਇਲਾਵਾ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵੀ ਦੋ ਪਿੰਡ ਸ਼ਾਮਲ ਹਨ। ਨਾਨੋਵਾਲ ਟਰੀਟਮੈਂਟ ਪਲਾਂਟ ਤੋਂ 92 ਪਿੰਡਾਂ ਦੀ 0.87 ਲੱਖ ਵੱਸੋਂ ਨੂੰ ਰੋਜ਼ਾਨਾ 1.20 ਲਿਟਰ ਪਾਣੀ ਉਪਲਬੱਧ ਹੋਵੇਗਾ। ਇਸ ’ਚ ਸਰਹਿੰਦ ਹਲਕੇ ਦੇ 69 ਪਿੰਡ ਅਤੇ ਬਸੀ ਪਠਾਣਾ ਹਲਕੇ ਦੇ ਵੀ 23 ਪਿੰਡ ਸ਼ਾਮਲ ਹੋਣਗੇ।
171 ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾਈ ਜਾਵੇਗੀ: ਮੰਡੌਲੀ ਕਲਸਟਰ ਅਧੀਨ 171 ਕਿਲੋਮੀਟਰ ਪੀਵੀਸੀ ਪਾਈਪ ਲਾਈਨ ਵਿਛਾਈ ਜਾਣੀ ਹੈ ਜਿਸ ਨਾਲ 18342 ਘਰਾਂ ਨੂੰ ਨਵੇਂ ਜਲ ਸਪਲਾਈ ਕੁਨੈਕਸ਼ਨ ਇਨ੍ਹਾਂ ਪਿੰਡਾਂ ਦੇ ਵਾਸੀਆਂ ਨੂੰ ਦਿੱਤੇ ਜਾਣਗੇ। ਪੱਬਰਾ ਕਲਸਟਰ ਦੀ ਸਲਪਾਈ ਵੰਡ ਨੂੰ ਮਜਬੂਤ ਕਰਨ ਲਈ 9660 ਘਰਾਂ ਨੂੰ ਨਵੇ ਕੁਨੈਕਸ਼ਨ ਦਿੱਤੇ ਜਾਣਗੇ ਅਤੇ 117 ਕਿਲੋਮੀਟਰ ਲੰਮੀ ਪੀਵੀਸੀ ਪਾਈਪਲਾਈਨ ਵਿਛਾਈ ਜਾਵੇਗੀ। ਇਸੇ ਤਰ੍ਹਾਂ ਨਾਨੋਵਾਲ ਕਲਸਟਰ ਦੇ 4500 ਘਰਾਂ ਨੂੰ ਨਵੇਂ ਕੁਨੈਕਸ਼ਨ ਦਿੱਤੇ ਜਾਣਗੇ ਅਤੇ ਇੱਥੇ 100.48 ਕਿਲੋਮੀਟਰ ਪੀਵੀਸੀ ਪਾਈਪਲਾਈਨ ਪਾਈ ਜਾਵੇਗੀ ਇਸ ਲਈ ਟੈਂਡਰ ਪ੍ਰਕ੍ਰਿਆ ਜਾਰੀ ਹੈ।
ਪਟਿਆਲਾ ਵਿੱਚ ਜਲ ਕਿੱਲਤ ਦਾ ਮੁੱਦਾ ਉਠਾਇਆ
ਪਟਿਆਲਾ (ਰਵੇਲ ਸਿੰਘ ਭਿੰਡਰ): ਸ਼ਹਿਰ ਨਿਵਾਸੀ ਬਿਜਲੀ ਦੇ ਨਾਲ ਹੁਣ ਪਾਣੀ ਦੀ ਘਾਟ ਨਾਲ ਵੀ ਜੂਝਣ ਲੱਗੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਰਾਘੋਮਾਜਰਾ ਦੇ ਪ੍ਰਧਾਨ ਅਕਾਸ਼ ਬਾਕਸਰ ਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਾਣੀ ਦੀ ਤੋਟ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ ਤੇ ਸਾਹਮਣੇ ਆਇਆ ਹੈ ਕਿ ਨਿੰਮ ਵਾਲਾ ਚੌਕ, ਸਮਾਨੀਆ ਗੇਟ, ਰਾਜ ਕਲੋਨੀ, ਸਬਜ਼ੀ ਮੰਡੀ, ਪਿੱਪਲ ਵਾਲੀ ਗਲੀ, ਪੰਡਤ ਜੈਮਲ ਗਲੀ, ਤੇਲੀਵਾੜਾ, ਸ਼ਹੀਦ ਕੁਲਦੀਪ ਸਿੰਘ ਮਾਰਗ, ਰਾਘੋਮਾਜਰਾ ਆਦਿ ਇਲਾਕਿਆਂ ਵਿੱਚ ਪਾਣੀ ਦੀ ਦਿੱਕਤ ਹੈ। ਕਈ ਇਲਾਕਿਆਂ ’ਚ ਪਾਣੀ ਘੱਟ ਆ ਰਿਹਾ ਹੈ ਅਤੇ ਕਾਫੀ ਥਾਵਾਂ ’ਤੇ ਰੁਕ-ਰੁਕ ਕੇ ਆਉਂਦਾ ਹੈ। ਉਨਾਂ ਕਿਹਾ ਕਿ ਸ਼ਹਿਰ ਦੇ ਵਾਰਡ ਨੰਬਰ 38 ਵਿੱਚ ਹਾਲਤ ਸਭ ਤੋਂ ਤਰਸਯੋਗ ਹੈ। ਰਾਘੋਮਾਜਰਾ ਪੀਲੀ ਸੜਕ ਕਈ ਮਹੀਨਿਆਂ ਤੋਂ ਪੁੱਟੀ ਪਈ ਹੈ ਜਿਸ ਨੂੰ ਠੀਕ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਪੁਲੀਸ ਲਾਈਨ ਸਕੂਲ ਦੇ ਪਿਛਲੇ ਪਾਸੇ ਵਾਲੀ ਗਲੀ ਤਿੰਨ ਮਹੀਨੇ ਪਹਿਲਾਂ ਬਣਾਈ ਗਈ ਅਤੇ ਇਸ ਤੋਂ ਪਾਈਪਾਂ ਪਾਉਣੀਆਂ ਯਾਦ ਆਈਆਂ ਅਤੇ ਫਿਰ ਉਸ ਨੂੰ ਪੁੱਟ ਦਿੱਤਾ ਗਿਆ।