ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਅਕਤੂਬਰ
ਪਿਛਲੇ ਦਿਨੀ ਇਥੇ ਸਰਹਿੰਦ ਰੋਡ ’ਤੇ ਸਥਿਤ ਪਿੰਡ ਅਲੀਪੁਰ ਅਰਾਈਆਂ ਸਥਿਤ ਸ਼ਰਾਬ/ਡਿਸਟਿਲਰੀ ਦੇ ਐਲ-13 ਗੁਦਾਮ ’ਚੋਂ ਵੱਖ ਵੱਖ ਬ੍ਰਾਂਡ ਦੀਆਂ 683 ਪੇਟੀਆਂ ਸ਼ਰਾਬ ਚੋਰੀ ਹੋ ਗਈ ਸੀ। ਥਾਣਾ ਅਨਾਜ ਮੰਡੀ ਦੇ ਐੱਸਐੱਚਓ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਚੋਰੀ ਦੀ ਇਸ ਵਾਰਦਾਤ ਨੂੰ ਹੱਲ ਕਰਦਿਆਂ, ਚੋਰੀ ਹੋਈਆਂ 683 ’ਚੋਂ 570 ਪੇਟੀਆਂ ਬਰਾਮਦ ਕੀਤੀਆਂ ਹਨ। ਜਿਸ ਸਬੰਧੀ ਇਸ ਵਾਰਦਾਤ ’ਚ ਸ਼ਾਮਲ ਰਹੇ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਜ ਐੱਸਐੱਸਪੀ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ 3 ਤੇ 4 ਅਕਤੂਬਰ ਦੀ ਰਾਤ ਨੂੰ ਘਟਨਾ ਵਾਪਰੀ ਸੀ ਤੇ ਚਾਰ ਅਕਤੂਬਰ ਨੂੰ ਥਾਣਾ ਅਨਾਜ ਮੰਡੀ ਪਟਿਆਲਾ ’ਚ ਧਾਰਾ 457 ਤੇ 380 ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਜਿਸ ਦੌਰਾਨ ਚੋਰ ਇਸ ਗੁਦਾਮ ’ਚ ਲੰਗੇ ਸੀਸੀਟੀਵੀ ਕੈਮਰੇ ਤੇ ਡੀਵੀਆਰ ਉਤਾਰ ਕੇ ਲੈ ਗਏ ਸਨ। ਉਨ੍ਹਾਂ ਦੱਸਿਆ ਕਿ ਹੁਣ ਬਰਾਮਦ ਕੀਤੀਆਂ 570 ਪੇਟੀਆਂ ’ਚੋਂ 130 ਪੇਟੀਆਂ ਸ਼ਰਾਬ ਮਾਰਕਾ ਪੰਜਾਬ ਮਾਲਵਾ ਨੰਬਰ 1,55 ਪੇਟੀਆਂ ਪੰਜਾਬ ਰਾਣੋਂ ਸੌਂਫੀ, 80 ਪੇਟੀਆਂ ਪੰਜਾਬ ਅਸਲੀ ਮੋਟਾ ਸੰਤਰਾ ਤੇ 305 ਪੇਟੀਆਂ ਵੋਦਕਾ ਗਰੀਨ ਸ਼ਾਮਲ ਸਨ। ਪੁਲੀਸ ਦੀ ਮੁਢਲੀ ਤਫ਼ਤੀਸ਼ ’ਚ ਪਾਇਆ ਗਿਆ ਸੀ ਕਿ ਇਹ ਸ਼ਰਾਬ ਦੋ ਛੋਟੇ ਟੈਂਪੂਆਂ ਵਿੱਚ ਲੱਦ ਕੇ ਲਿਜਾਈ ਗਈ। ਇਸ ਵਾਰਦਾਤ ਸਬੰਧੀ ਸਾਰਾ ਭੇਤ ਖੁੁੱਲ੍ਹ ਗਿਆ ਤੇ ਪੁਲੀਸ ਨੇ ਸ਼ਰਾਬ ਚੋਰੀ ਦੀ ਇਸ ਵਾਰਦਾਤ ’ਚ ਸ਼ਾਮਲ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਇਹ ਸ਼ਰਾਬ ਬਰਾਮਦ ਕਰ ਲਈ ਹੈ।
ਮਾਮਲੇ ਦੇ ਤਫਤੀਸ਼ੀ ਅਫਸਰ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਐੱਸਐੱਚਓ ਅਨਾਜ ਮੰਡੀ ਪਟਿਆਲਾ ਨੇ ਦੱਸਿਆ ਕਿ ਇਸ ਸਬੰਧੀ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ’ਚ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਰਤਨਾਣਾ ਵਾਸੀ ਤੇ ਹੁਣ ਇਥੇ ਥਾਪਰ ਕਾਲਜ ਨੇੜੇ ਪੀਜੀ ਵਜੋਂ ਰਹਿੰਦਾ ਗਗਨਦੀਪ ਸਿੰਘ ਗੱਗੀ, ਫਤਿਹ ਸਿੰਘ ਵਾਸੀ ਦਰਸ਼ਨਾ ਕਲੋਨੀ ਅਬਲੋਵਾਲ, ਵਿਸ਼ਾਲ ਕੁਮਾਰਅਤੇ ਮੁਨੀਸ਼ ਕੁਮਾਰ ਵਾਸੀਆਨ ਪ੍ਰਤਾਪ ਨਗਰ ਪਟਿਆਲਾ ਸੁਖਵਿੰਦਰ ਕਮਾਰ ਤੇ ਰਣਧੀਰ ਕੁਮਾਰ ਵਾਸੀਆਨ ਢਿੱਲੋਂ ਕਲੋਨੀ (ਧਾਮਮਾਜਰਾ) ਸੰਜੀਵ ਕੁਮਾਰ ਵਾਸੀ ਨਿਊ ਸੈਂਚਰੀ ਐਨਕਲੇਵ ਅਬਲੋਵਾਲ ਪਟਿਆਲਾ ਤੇ ਸੁਖਵਿੰਦਰ ਸਿੰਘ ਵਾਸੀ ਨਿਊ ਬਿਸ਼ਨ ਨਗਰ ਦੇ ਨਾਂ ਸ਼ਾਮਲ ਹਨ।