ਖੇਤਰੀ ਪ੍ਰਤੀਨਿਧ
ਪਟਿਆਲਾ, 12 ਅਕਤੂਬਰ
ਮੋਬਾਈਲ ਟਾਵਰਾਂ ਤੋਂ ਮਹਿੰਗਾ ਸਾਮਾਨ ਚੋਰੀ ਕਰਕੇ ਅੱਗੇ ਵੇਚਣ ਵਾਲੇ ਗਰੋਹ ਦੀ ਨਿਸ਼ਾਨਦੇਹੀ ਕਰਦਿਆਂ ਸੀਆਈਏ ਪਟਿਆਲਾ ਦੇ ਇੰਸਪੈਕਟਰ ਸ਼ਮਿੰਦਰ ਤੇ ਟੀਮ ਵੱਲੋਂ ਅਜਿਹੇ ਛੇ ਮੁਲਜ਼ਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸਐੱਸਪੀ ਡਾ. ਨਾਨਕ ਸਿੰਘ (ਆਈਪੀਐੱਸ) ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾ ਵਿੱਚ ਸੰਦੀਪ ਸਿੰਘ ਸ਼ੈਂਟੀ, ਬਲਕਾਰ ਸਿੰਘ ਸਿੱਧੂ, ਗੁਰਜੀਤ ਸਿੰਘ ਕਾਕਾ, ਅੰਮ੍ਰਿਤਪਾਲ ਸਿੰਘ ਪਿੰਦਾ, ਮਨਦੀਪ ਸਿੰਘ ਦੀਪ, ਪਲਵਿੰਦਰ ਸਿੰਘ ਛੋਟਾ ਦੇ ਨਾਮ ਸ਼ਾਮਲ ਹਨ। ਮੁਲਜ਼ਮਾਂ ਕੋਲੋਂ ਮੋਬਾਈਲ ਟਾਵਰਾਂ ਦੇ ਚੋਰੀ ਕੀਤੇ ਗਏ ਕਈ ਮਹਿੰਗੇ ਉਪਕਰਨ ਬਰਾਮਦ ਕੀਤੇ ਗਏ ਹਨ। ਮੁਲਜ਼ਮਾ ਖ਼ਿਲਾਫ਼ ਥਾਣਾ ਪਸਿਆਣਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇੰਸਪੈਕਟਰ ਸ਼ਮਿੰਦਰ ਸਿੰਘ ਦਾ ਕਹਿਣਾ ਸੀ ਕਿ ਮੁਲਜ਼ਮਾ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।