ਅਸ਼ਵਨੀ ਗਰਗ
ਸਮਾਣਾ, 28 ਜੂਨ
ਸਮਾਣਾ ਪੁਲੀਸ ਨੇ ਲੁੱਟਾਂ ਖੋਹਾਂ ਕਰਨ ਵਾਲੇ 2 ਗਰੁੱਪਾਂ ਦੇ 7 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਲੁੱਟਾਂ ਖੋਹਾਂ ’ਚ ਵਰਤੇ ਗਏ ਮੋਟਰਸਾਈਕਲ, ਰਾਡਾਂ, ਦਾਤਰ, ਲੁੱਟੇ ਗਏ ਮੋਬਾਈਲ ਫੋਨ, ਨਕਦੀ ਆਦਿ ਬਰਾਮਦ ਕੀਤਾ ਹੈ। ਪੁਲੀਸ ਨੇ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਸਦਰ ਥਾਣਾ ਮੁਖੀ ਇੰਸਪੈਕਟਰ ਰਣਬੀਰ ਸਿੰਘ ਤੇ ਸੀਆਈਏ ਮੁਖੀ ਕਰਨੈਲ ਸਿੰਘ ਨੇ ਦੱਸਿਆ ਕਿ ਸਦਰ ਪੁਲੀਸ ਤੇ ਸੀਆਈਏ ਸਟਾਫ਼ ਦੀ ਟੀਮ ਵੱਲੋਂ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ ਕਾਬੂ ਕੀਤਾ ਹੈ। ਪਿੰਡ ਲਲੋਛੀ ਦੁਕਾਨ ਕਰਦੇ ਸਮਾਣਾ ਦੇ ਦੋ ਵਿਅਕਤੀਆਂ ਨੂੰ 13 ਮਾਰਚ ਨੂੰ ਦੁਕਾਨ ਬੰਦ ਕਰਕੇ ਸਮਾਣਾ ਵਾਪਿਸ ਆਉਂਦੇ ਸਮੇਂ ਰਸਤੇ ’ਚ ਇਨ੍ਹਾਂ ਲੁਟੇਰਿਆ ਨੇ ਉਨ੍ਹਾਂ ਦੀ ਮਾਰਕੁੱਟ ਕਰਕੇ ਉਨ੍ਹਾਂ ਪਾਸੋਂ 2 ਮੋਬਾਈਲ ਫੋਨ ਤੇ 50000 ਰੁਪਏ ਲੁੱਟ ਲਏ ਸਨ। ਪੁਲੀਸ ਨੇ ਮਨਜੀਤ ਸਿੰਘ ਤੇ ਉਸਦੇ ਦੋ ਭਤੀਜੇ ਅਲਮੋਲ ਤੇ ਅਰਸ਼ਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਇਨ੍ਹਾਂ ਪਾਸੋਂ ਲੁੱਟੇ ਹੋਏ ਮੋਬਾਈਲ, ਨਕਦੀ, ਵਾਰਦਾਤ ’ਚ ਵਰਤਿਆਂ ਗਿਆ ਮੋਟਰਸਾਈਕਲ, ਰਾਡ ਆਦਿ ਬਰਾਮਦ ਕਰ ਲਏ ਹਨ। ਪੁਲੀਸ ਨੇ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਉਨ੍ਹਾਂ ਦਾ ਇੱਕ ਰੋਜ਼ਾ ਪੁਲੀਸ ਰਿਮਾਂਡ ਹਾਸਲ ਕੀਤਾ। ਦੂਜੇ ਮਾਮਲੇ ’ਚ ਸ੍ਰੀ ਆਨੰਦਪੁਰ ਸਾਹਿਬ ਤੋਂ ਮਾਲ ਲੈ ਕੇ ਆ ਰਹੇ ਟਰਾਲੇ ਜੋ ਸਮਾਣਾ ਪਟਿਆਲਾ ਰੋਡ ’ਤੇ ਰੇਡੀਏਂਟ ਫੈਕਟਰੀ ਕੋਲ ਪੰਚਰ ਹੋ ਗਿਆ ਸੀ ਦੇ ਡਰਾਈਵਰ ਦੀ ਤੇਜ਼ਧਾਰ ਹਥਿਆਰਾਂ ਨਾਲ ਮਾਰਕੁੱਟ ਕਰਕੇ ਉਸ ਪਾਸੋਂ ਮੋਬਾਈਲ ਫੋਨ ਤੇ ਨਕਦੀ ਲੁੱਟ ਵਾਲੇ 4 ਨੌਜਵਾਨਾਂ ਜੋ ਸਮਾਣਾ ਦੇ ਹੀ ਹਨ, ਨੂੰ ਕਾਬੂ ਕੀਤਾ ਹੈ ਜਿਨ੍ਹਾਂ ’ਚ ਰੋਹਿਤ ਕੁਮਾਰ, ਅਜੈ, ਗੁਰਪ੍ਰੀਤ ਸਿੰਘ ਤੇ ਸੋਨੂੰ ਸ਼ਾਮਲ ਹਨ। ਇਹ ਚਾਰੇ ਨੌਜਵਾਨ 18 ਤੋਂ 25 ਸਾਲ ਦੀ ਉਮਰ ਦੇ ਹਨ ਜਿਨ੍ਹਾਂ ਪਾਸੋਂ ਪੁਲੀਸ ਨੇ ਦਾਤਰ, ਰਾਡ, ਮੋਬਾਈਲ ਫੋਨ, ਨਕਦੀ ਆਦਿ ਬਰਾਮਦ ਕੀਤੇ ਹਨ। ਪੁਲੀਸ ਨੇ ਇਨ੍ਹਾਂ ਚਾਰਾਂ ਦਾ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ।