ਜੈਸਮੀਨ ਭਾਰਦਵਾਜ
ਨਾਭਾ, 9 ਜਨਵਰੀ
ਵਿਧਾਨ ਸਭਾ ਚੋਣਾਂ 2022 ’ਚ ਰਿਜ਼ਰਵ ਸੀਟ ਨਾਭਾ ਤੋਂ ਦੋ ਆਜ਼ਾਦ ਉਮੀਦਵਾਰਾਂ ਸਣੇ ਕੁੱਲ 9 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚੋਂ ਪੰਜ ਨੇ ਆਪਣੇ ਖ਼ਿਲਾਫ਼ ਅਪਰਾਧਿਕ ਕੇਸ ਚੱਲਣ ਦੀ ਗੱਲ ਦੱਸੀ ਹੈ।ਅਪਰਾਧਿਕ ਮਾਮਲਿਆਂ ’ਤੇ ਨਜ਼ਰ ਮਾਰੀਏ ਤਾਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਸਿਮਰਨਜੀਤ ਸਿੰਘ ਖ਼ਿਲਾਫ਼ ਫਿਰੋਜ਼ਪੁਰ ’ਚ ਧੋਖਾਧੜੀ ਦਾ ਕੇਸ ਦਰਜ ਹੈ। ਸੰਯੁਕਤ ਸੰਘਰਸ਼ ਪਾਰਟੀ ਦੇ ਯੁਵਾ ਉਮੀਦਵਾਰ ਬਰਿੰਦਰ ਕੁਮਾਰ ਬਿੱਟੂ ਖ਼ਿਲਾਫ਼ ਇਕ ਸਰਕਾਰੀ ਮੁਲਾਜ਼ਮ ਨੂੰ ਧਮਕਾਉਣ ਤੇ ਸਰਕਾਰੀ ਕੰਮ ’ਚ ਵਿਘਨ ਪਾਉਣ ਤੋਂ ਇਲਾਵਾ, ਇੱਕ ਚੈੱਕ ਬਾਊਂਸ ਦਾ ਕੇਸ ਅਦਾਲਤ ’ਚ ਚੱਲ ਰਿਹਾ ਹੈ। ਅਕਾਲੀ ਦਲ ਤੋਂ ਅਮਲੋਹ ਤੋਂ ਵਿਧਾਇਕ ਰਹੇ ਮਰਹੂਮ ਬਲਵੰਤ ਸਿੰਘ ਸ਼ਾਹਪੁਰ ਦੇ ਪੁੱਤਰ ਗੁਰਪ੍ਰੀਤ ਸਿੰਘ ਭਾਜਪਾ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਖ਼ਿਲਾਫ਼ ਸਰਹਿੰਦ ਵਿੱਚ 18 ਲੱਖ ਦੀ ਠੱਗੀ ਤੋਂ ਪਿੱਛੋਂ ਘੁਸਪੈਠ ਕਰਕੇ ਕਿਸੇ ਉੱਪਰ ਹਮਲਾ ਕਰਨ ਤੇ ਧਮਕੀਆਂ ਦੇਣ ਦਾ ਕੇਸ ਦਰਜ ਹੈ। ਹਾਲਾਂਕਿ ਉਨ੍ਹਾਂ ਆਪਣੇ ਨਾਮਜ਼ਦਗੀ ਕਾਗਜ਼ਾਂ ’ਚ ਲਿਖਿਆ ਹੈ ਕਿ ਕੇਸ ਰੱਦ ਹੋਣ ਦੀ ਪ੍ਰਕਿਰਿਆ ਵਿੱਚ ਹੈ ਪਰ ਕਿਸੇ ਵੀ ਅਦਾਲਤ ਵਿੱਚ ਅਜੇ ਕੇਸ ਰੱਦ ਹੋਣ ਲਈ ਨਹੀਂ ਪਹੁੰਚਿਆ। ਉਨ੍ਹਾਂ ਦੱਸਿਆ ਕਿ ਕੇਸ ਰੱਦ ਕਰਾਉਣ ਲਈ ਫਾਈਲ ਐੱਸਐੱਸਪੀ ਦੀ ਮੇਜ਼ ’ਤੇ ਹੈ ਜੋ ਜਲਦ ਇਸਨੂੰ ਤਸਦੀਕ ਕਰਕੇ ਅਦਾਲਤ ਭੇਜਣਗੇ। ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਕੈਨੇਡਾ ਤੋਂ ਵਾਪਸ ਪਰਤੇ ਗਾਇਕ ਗੁਰਦੇਵ ਮਾਨ ਖ਼ਿਲਾਫ਼ ਕਰੋਨਾ ਮਹਾਂਮਾਰੀ ਦੌਰਾਨ ਕਾਨੂੰਨ ਦੀ ਉਲੰਘਣਾ ਦਾ ਮਾਮਲਾ ਦਰਜ ਹੈ। ਇਨ੍ਹਾਂ ਤੋਂ ਇਲਾਵਾ ਆਜ਼ਾਦ ਉਮੀਦਵਾਰ ਗੁਲਜ਼ਾਰ ਰਾਮ ਚੋਣ ਮੈਦਾਨ ’ਚ ਹਨ ਜਿਨ੍ਹਾਂ ਦੀ ਨੂੰਹ ਵੱਲੋਂ ਪ੍ਰੇਸ਼ਾਨ ਕਰਨ ਦਾ ਕੇਸ ਦਰਜ ਹੈ। ਇਨ੍ਹਾਂ ਉਮੀਦਵਾਰਾਂ ਤੋਂ ਇਲਾਵਾ ਮਜੂਦਾ ਵਿਧਾਇਕ ਸਾਧੂ ਸਿੰਘ ਧਰਮਸੋਤ ਕਾਂਗਰਸ ਵੱਲੋਂ ਤੇ ਸੀਪੀਆਈ ਤੋਂ ਕਸ਼ਮੀਰ ਸਿੰਘ ਗਦਾਇਆ, ਆਜ਼ਾਦ ਉਮੀਦਵਾਰ ਬਲਵੰਤ ਸਿੰਘ ਵੀ ਚੋਣ ਮੈਦਾਨ ਵਿੱਚ ਹਨ।