ਪੱਤਰ ਪ੍ਰੇਰਕ
ਪਟਿਆਲਾ, 22 ਜੁਲਾਈ
ਪੰਜਾਬ ਦੇ 23 ਜ਼ਿਲ੍ਹਿਆਂ ਵਿਚੋਂ 14 ਜ਼ਿਲ੍ਹਿਆਂ ਵਿਚ ਜ਼ਿਲ੍ਹਾ ਸਪੋਰਟਸ ਅਫ਼ਸਰ (ਡੀਐਸਓ) ਦੀਆਂ ਪੋਸਟਾਂ ਖ਼ਾਲੀ ਹਨ। ਆਉਂਦੇ ਦਿਨਾਂ ਵਿਚ ਤਿੰਨ ਦੀ ਸੇਵਾ ਮੁਕਤੀ ਤੋਂ ਬਾਅਦ ਪੰਜਾਬ ਦੇ 17 ਜ਼ਿਲ੍ਹੇ ਡੀਐੱਸਓ ਤੋਂ ਵਿਰਵੇ ਹੋ ਜਾਣਗੇ। ਇਸ ਵੇਲੇ ਪੂਰੇ ਪੰਜਾਬ ਦੀਆਂ ਖੇਡਾਂ ਦਾ ਕੰਮ ਸਿਰਫ਼ 9 ਡੀਐਸਓ ਸੰਭਾਲ ਰਹੇ ਹਨ। ਬਠਿੰਡਾ ਦਾ ਡੀਐੱਸਓ ਬਠਿੰਡਾ, ਫ਼ਰੀਦਕੋਟ, ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ 4 ਜ਼ਿਲ੍ਹਿਆਂ ਦਾ ਕੰਮ ਇਕੱਲਾ ਹੀ ਸੰਭਾਲ ਰਿਹਾ ਹੈ, ਸੰਗਰੂਰ ਦਾ ਡੀਐਸਓ ਸੰਗਰੂਰ, ਮਾਨਸਾ ਤੇ ਮਾਲੇਰਕੋਟਲਾ ਤਿੰਨ ਜ਼ਿਲ੍ਹਿਆਂ ਦਾ ਕੰਮ ਸੰਭਾਲ ਰਿਹਾ ਹੈ। ਲੁਧਿਆਣਾ ਦਾ ਡੀਐੱਸਓ ਨਵਾਂ ਸ਼ਹਿਰ ਦਾ ਕੰਮ ਵੀ ਸੰਭਾਲ ਰਿਹਾ ਹੈ, ਪਟਿਆਲਾ ਦਾ ਡੀਐੱਸਓ ਫ਼ਤਿਹਗੜ੍ਹ ਸਾਹਿਬ ਦਾ ਕੰਮ ਵੀ ਸੰਭਾਲ ਰਿਹਾ ਹੈ। ਗੁਰਦਾਸਪੁਰ ਦਾ ਡੀਐੱਸਓ ਪਠਾਨਕੋਟ ਦਾ ਕੰਮ ਵੀ ਸੰਭਾਲ ਰਿਹਾ ਹੈ। ਅੰਮ੍ਰਿਤਸਰ ਦਾ ਡੀਐਸਓ ਤਰਨਤਾਰਨ ਦਾ ਕੰਮ ਵੀ ਸੰਭਾਲ ਰਿਹਾ ਹੈ। ਸਪੋਰਟਸ ਇੰਡਸਟਰੀ ਵਜੋਂ ਮੰਨੇ ਜਾਂਦੇ ਜਲੰਧਰ ਵਿਚ ਡੀਐੱਸਓ ਦੀ ਪੋਸਟ ਖ਼ਾਲੀ ਹੈ। ਇਸ ਤੋਂ ਇਲਾਵਾ ਮੋਗਾ, ਮੁਕਤਸਰ, ਕਪੂਰਥਲਾ ਜ਼ਿਲ੍ਹਿਆਂ ਵਿਚ ਡੀਐਸਓ ਦੀਆਂ ਅਸਾਮੀਆਂ ਖ਼ਾਲੀ ਹਨ, ਇੱਥੇ ਡੀਐੱਸਓ ਦਾ ਕੰਮ ਕੋਚ ਹੀ ਸੰਭਾਲ ਰਹੇ ਹਨ। ਬਰਨਾਲਾ ਤੇ ਮੁਹਾਲੀ ਵਿਚ ਡੀਐੱਸਓ ਦੀਆਂ ਪੋਸਟਾਂ ਤੇ ਡੀਐੱਸਓ ਹੀ ਕੰਮ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 2013 ਵਿਚ ਪੀਪੀਐਸਸੀ ਵੱਲੋਂ ਕੱਢੀਆਂ 11 ਅਸਾਮੀਆਂ ਵਿੱਚੋਂ ਕੋਰਟ ਵਿਚ ਕੇਸ ਹੋਣ ਕਰਕੇ ਉਨ੍ਹਾਂ ਵਿਚੋਂ ਸਿਰਫ਼ 6 ਅਸਾਮੀਆਂ ਹੀ 2020 ਵਿਚ ਭਰੀਆਂ ਗਈਆਂ। ਇਸ ਤੋਂ ਪਹਿਲਾਂ ਕਦੇ ਵੀ ਡੀਐਸਓ ਦੀਆਂ ਪੋਸਟਾਂ ਸਿੱਧੇ ਤੌਰ ਤੇ ਨਹੀਂ ਭਰੀਆਂ ਗਈਆਂ, ਕੋਚ ਹੀ ਤਰੱਕੀ ਪਾਕੇ ਡੀਐਸਓ ਬਣਦੇ ਰਹੇ ਹਨ।
ਲੋੜ ਅਨੁਸਾਰ ਡੀਐੱਸਓ ਭਰਤੀ ਕੀਤੇ ਜਾਣਗੇ : ਮੀਤ ਹੇਅਰ
ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਹੈ ਕਿ ਪੰਜਾਬ ਵਿਚ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਪੰਜਾਬ ਸਰਕਾਰ ਨਵੀਂਆਂ ਸਕੀਮਾਂ ਲੈ ਕੇ ਆ ਰਹੀ ਹੈ, ਜਿੱਥੇ ਵੀ ਲੋੜ ਹੋਈ ਉੱਥੇ ਹੀ ਜ਼ਿਲ੍ਹਾ ਸਪੋਰਟਸ ਅਫ਼ਸਰ ਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਖੇਡਾਂ ਵੱਲ ਧਿਆਨ ਹੀ ਨਹੀਂ ਦਿੱਤਾ ਇਸ ਕਰਕੇ ਖੇਡ ਪ੍ਰਣਾਲੀ ਕਾਫ਼ੀ ਧਿਆਨ ਮੰਗ ਰਹੀ ਹੈ।