ਸੁਭਾਸ਼ ਚੰਦਰ
ਸਮਾਣਾ, 17 ਅਕਤੂਬਰ
ਇੱਥੇ ਇੱਕ ਧਾਰਮਿਕ ਜਗ੍ਹਾ ’ਚ ਸ਼ਨਿਚਰਵਾਰ ਰਾਤ ਨੂੰ ਦਾਖ਼ਲ ਹੋਏ ਇੱਕ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਗੰਭੀਰ ਜ਼ਖ਼ਮੀ ਕੀਤੇ ਸ਼ਰਧਾਲੂ ਦੁਕਾਨਦਾਰ ਸਬੰਧੀ ਮਾਮਲੇ ’ਚ ਸਿਟੀ ਪੁਲੀਸ ਨੇ ਤਿੰਨ ਭਰਾਵਾਂ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ’ਚ ਮਨੋਜ ਕੁਮਾਰ ਉਰਫ਼ ਗੋਲਡੀ, ਦੀਪਕ ਸ਼ਰਮਾ ਤੇ ਰਾਜੇਸ਼ ਕੁਮਾਰ ਵਾਸੀ ਜੈਨ ਮੁਹੱਲਾ ਦੇ ਨਾਂ ਸ਼ਾਮਲ ਹਨ। ਸਿਟੀ ਪੁਲੀਸ ਮੁਖੀ ਗੁਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਪਟਿਆਲਾ ’ਚ ਇਲਾਜ ਅਧੀਨ ਗੰਭੀਰ ਜ਼ਖ਼ਮੀ ਰਵਿੰਦਰ ਕੁਮਾਰ ਉਰਫ਼ ਬਿੰਦੀ ਵੱਲੋਂ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਅਨੁਸਾਰ ਆਪਣੇ ਭਰਾ ਦੀਪਕ ਤੇ ਰਾਜੇਸ਼ ਨਾਲ ਪਹੁੰਚੇ ਸ਼ਰਾਬ ਦੇ ਨਸ਼ੇ ’ਚ ਧੁੱਤ ਮਨੋਜ ਕੁਮਾਰ ਉਰਫ਼ ਗੋਲਡੀ ਨੇ ਜਾਨ ਤੋਂ ਮਾਰਨ ਦੀ ਨੀਅਤ ਨਾਲ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਪੁਲੀਸ ਨੇ ਪੀੜਤ ਦੇ ਬਿਆਨਾਂ ਅਤੇ ਮਾਮਲੇ ਦੀ ਜਾਂਚ ਦੇ ਆਧਾਰ ’ਤੇ ਦਰਜ ਕੇਸ ’ਚ ਮੁਲਜ਼ਮ ਗੋਲਡੀ ਅਤੇ ਦੀਪਕ ਨੂੰ ਹਿਰਾਸਤ ’ਚ ਲੈ ਲਿਆ ਅਤੇ ਅਦਾਲਤ ’ਚ ਪੇਸ਼ ਕਰਨ ਮਗਰੋਂ ਹਥਿਆਰ ਬਰਾਮਦਗੀ ਲਈ ਇੱਕ ਦਿਨਾ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਜਦਕਿ ਤੀਜਾ ਮੁਲਜ਼ਮ ਰਾਜੇਸ਼ ਕੁਮਾਰ ਅਜੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ।