ਪਾਤੜਾਂ (ਪੱਤਰ ਪ੍ਰੇਰਕ): ਆਲ ਇੰਡੀਆ ਹਿੰਦੂ ਯੁਵਾ ਸ਼ਿਵ ਸੈਨਾ ਆਗੂ ਸਚਿਨ ਕੁਮਾਰ ਆਜ਼ਾਦ ਤੋਂ ਲੰਡਾ ਨਾਮ ਦੇ ਗਰੁੱਪ ਨੇ ਵੱਟਸਐਪ ਕਾਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ 20 ਲੱਖ ਦੀ ਫਿਰੌਤੀ ਮੰਗੀ ਹੈ। ਸਚਿਨ ਨੇ ਦੱਸਿਆ ਹੈ ਕਿ ਉਸ ਨੇ ਜਦੋਂ ਤੋਂ ਰੈਫਰੈਂਡਮ 2020 ਖ਼ਿਲਾਫ਼ ਆਵਾਜ਼ ਉਠਾਈ ਹੈ ਉਦੋਂ ਤੋਂ ਹੀ ਉਸ ਨੂੰ ਫੋਨ ਫੇਸਬੁੱਕ ਮੈਸੈਂਜਰ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸਚਿਨ ਮੁਤਾਬਕ 29 ਸਤੰਬਰ 2023 ਨੂੰ ਵੱਟਸਐਪ ਕਾਲ ਆਈ ਸੀ ਜੋ ਕਿ ਜਿਸ ਵਿੱਚ ਬੋਲਣ ਵਾਲਾ ਖ਼ੁਦ ਨੂੰ ਲੰਡਾ ਅਤਿਵਾਦੀ ਦੱਸਦਾ ਸੀ। ਇਸ ਮਗਰੋਂ ਫਿਰ ਧਮਕੀਆਂ ਮਿਲੀਆਂ। ਉਕਤ ਕਾਲਰ ਨੇ ਫਿਰ ਫੋਨ ਕਰਕੇ ਉਸ ਨੂੰ ਦੀਵਾਲੀ ਤੋਂ ਪਹਿਲਾਂ-ਪਹਿਲਾਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ 20 ਲੱਖ ਰੁਪਏ ਫਿਰੌਤੀ ਦੀ ਮੰਗਦਿਆਂ ਹਿੰਦੂ ਧਰਮ ਖ਼ਿਲਾਫ਼ ਅਪਸ਼ਬਦ ਬੋਲੇ। ਥਾਣਾ ਪਾਤੜਾਂ ਮੁਖੀ ਹੈਰੀ ਬੋਪਾਰਾਏ ਨੇ ਦੱਸਿਆ ਕਿ ਸਚਿਨ ਦੀ ਸ਼ਿਕਾਇਤ ’ਤੇ ਲੰਡਾ ਗਰੁੱਪ ਦੇ 2 ਅਣਪਛਾਤੇ ਮੈਬਰਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।