ਪੱਤਰ ਪ੍ਰੇਰਕ
ਰਤੀਆ, 6 ਸਤੰਬਰ
ਸਦਰ ਥਾਣਾ ਪੁਲੀਸ ਨੇ ਸਾਈਬਰ ਕ੍ਰਾਈਮ ਤਹਿਤ ਬੈਂਕ ਖਾਤਿਆਂ ’ਚੋਂ ਰਾਸ਼ੀ ਕੱਢ ਕੇ ਠੱਗੀ ਮਾਰਨ ਦੇ ਦੋ ਵੱਖ-ਵੱਖ ਕੇਸ ਦਰਜ ਕੀਤੇ ਹਨ। ਪੁਲੀਸ ਨੇ ਪਹਿਲਾ ਕੇਸ ਪਿੰਡ ਨੰਗਲ ਦੇ ਕੇਸ਼ਵ ਕੁਮਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕਰਦਿਆਂ ਅਗਲੀ ਕਾਰਵਾਈ ਕੀਤੀ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਸਟੇਟ ਬੈਂਕ ਇੰਡੀਆ ਦਾ ਕਰੈਡਿਟ ਕਾਰਡ ਬਣਿਆ ਹੋਇਆ ਹੈ। ਉਸ ਦੱਸਿਆ ਕਿ ਬੀਤੇ ਦਿਨ ਉਸ ਦੇ ਮੋਬਾਈਲ ਤੇ ਇੱਕ ਕਾਲ ਆਈ ਜਿਸ ਤਹਿਤ ਫੋਨ ਕਰਨ ਵਾਲੇ ਨੇ ਕੇਵਾਈਸੀ ਅਪਡੇਟ ਕਰਨ ਬਾਰੇ ਕਿਹਾ। ਇਸ ਦੌਰਾਨ ਉਸ ਨੇ ਉਸ ਦੇ ਕਹੇ ’ਤੇ ਇੱਕ ਵੈੱਬਸਾਈਟ ਖੋਲ੍ਹੀ ਤਾਂ ਅਚਾਨਕ ਫੋਨ ਬੰਦ ਹੋ ਗਿਆ। ਜਦੋਂ ਦੁਬਾਰਾ ਫੋਨ ਚਲਾ ਕੇ ਦੇਖਿਆ ਤਾਂ ਉਸ ਦੇ ਕਾਰਡ ’ਚੋਂ ਕਿਸੇ ਨੇ 49,415 ਰੁਪਏ ਕਢਵਾ ਲਏ ਸਨ।
ਇਸੇ ਤਰ੍ਹਾਂ ਪੁਲੀਸ ਨੇ ਪਿੰਡ ਪਿਲਛੀਆਂ ਦੇ ਅਜਾਇਬ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਸਾਈਬਰ ਕ੍ਰਾਈਮ ਦੇ ਨਾਲ ਨਾਲ ਸਦਰ ਥਾਣਾ ਵਿੱਚ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਉਸ ਦਾ ਕੋਟਕ ਮਹਿੰਦਰਾ ਬੈਂਕ ਰਤੀਆ ਵਿੱਚ ਖਾਤਾ ਹੈ। ਬੀਤੇ ਦਿਨ ਉਸ ਦੇ ਗੂਗਲ ਪੇ ਰਾਹੀਂ ਗਲਤ ਨੰਬਰ ’ਤੇ ਰਿਚਾਰਜ ਹੋ ਗਿਆ। ਉਸ ਨੇ ਗੂਗਲ ਤੋਂ ਕਸਟਮਰ ਕੇਅਰ ਦਾ ਨੰਬਰ ਸਰਚ ਕੀਤਾ ਤਾਂ ਉਥੇ ਇਕ ਮੋਬਾਇਲ ਨੰਬਰ ਮਿਲਿਆ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਕਤ ਨੰਬਰ ’ਤੇ ਕਾਲ ਕੀਤੀ ਤਾਂ ਉਸ ਨੇ ਝਾਂਸੇ ਵਿਚ ਲੈ ਕੇ 4,999 ਰੁਪਏ ਫੋਨ ਪੇ ਐਪ ਅਤੇ 12,993 ਰੁਪਏ ਗੂਗਲ ਪੇ ਐਪ ਰਾਹੀਂ ਆਪਣੇ ਖਾਤੇ ਵਿਚ ਟਰਾਂਸਫਰ ਕਰ ਲਏ। ਇਸ ਬਾਰੇ ਪਤਾ ਲੱਗਣ ਮਗਰੋਂ ਉਸ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਿਦੱਤੀ ਹੈ।