ਪੱਤਰ ਪ੍ਰੇਰਕ
ਪਾਤੜਾਂ, 16 ਅਕਤੂਬਰ
ਪਿੰਡ ਹਰਿਆਊ ਕਲਾਂ ਦੀ ਇੱਕ ਲੜਕੀ ਦੀ ਦਰਖਾਸਤ ’ਤੇ ਪੁਲੀਸ ਨੇ ਉਸ ਦੇ ਪਤੀ ਖਿਲਾਫ਼ ਦਾਜ ਮੰਗਣ ਅਤੇ ਪਾਸਪੋਰਟ ਐਕਟ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸਰਬਜੀਤ ਕੌਰ ਨ ਉੱਚ ਅਧਿਕਾਰੀਆਂ ਨੂੰ ਦਿੱਤੀ ਦਰਖਾਸਤ ਵਿੱਚ ਕਿਹਾ ਕਿ ਉਸ ਦਾ ਵਿਆਹ 2 ਫਰਵਰੀ 2021 ਨੂੰ ਗੁਰਵਿੰਦਰ ਸਿੰਘ ਵਾਸੀ ਪਿੰਡ ਰਾਮਗੜ੍ਹ ਸੰਧੂਆ, ਜ਼ਿਲ੍ਹਾ ਸੰਗਰੂਰ ਨਾਲ ਹੋਇਆ ਸੀ ਪਰ ਬਾਅਦ ਵਿੱਚ ਉਸ ਦਾ ਪਤੀ ਉਸ ਨੂੰ ਹੋਰ ਦਾਜ ਲਈ ਤੰਗ ਕਰਨ ਲੱਗ ਪਿਆ ਅਤੇ ਉਸ ਨੇ ਵਿਆਹ ਤੋਂ ਮਗਰੋਂ ਬਣਾਏ ਪਾਸਪੋਰਟ ਵਿੱਚ ਵੀ ਖ਼ੁਦ ਨੂੰ ਅਣਵਿਆਹਿਆ ਦਰਜ ਕਰਵਾਇਆ ਹੈ। ਥਾਣਾ ਪਾਤੜਾਂ ਦੇ ਮੁਖੀ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਕੀਤੀ ਗਈ ਸ਼ਿਕਾਇਤ ਦੀ ਪੜਤਾਲ ਮਗਰੋਂ ਗੁਰਵਿੰਦਰ ਸਿੰਘ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਤੇ ਮੁਲਜ਼ਮ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪਟਿਆਲਾ (ਖੇਤਰੀ ਪ੍ਰਤੀਨਿਧ): ਇੱਕ ਵਿਆਹੁਤਾ ਨੂੁੰ ਉਸ ਦੇ ਪਤੀ ਵੱਲੋਂ ਦਾਜ ਦੀ ਮੰਗ ਲਈ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਪੁਲੀਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੀੜਤਾ ਸੁਚੇਤਾ ਰਾਣੀ ਵਾਸੀ ਪਟਿਆਲਾ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਉਸ ਦੇ ਪਤੀ ਖਿਲਾਫ਼ ਧਾਰਾ 406 ਅਤੇ 498 ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।