ਪੱਤਰ ਪ੍ਰੇਰਕ
ਰਾਜਪੁਰਾ, 11 ਸਤੰਬਰ
ਥਾਣਾ ਸਦਰ ਪੁਲੀਸ ਨੇ ਇੱਕ ਵਿਅਕਤੀ ਖਿਲਾਫ ਲੜਕੀ ਦਾ ਜਾਅਲੀ ਆਧਾਰ ਕਾਰਡ ਬਣਾ ਕੇ ਉਸ ਨੂੰ ਬਾਲਗ ਦਰਸਾ ਕੇ ਵਿਆਹ ਕਰਵਾਉਣ ਦੇ ਦੋਸ਼ ਹੇਠ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਥਾਣਾ ਸਦਰ ਦੇ ਮੁਖੀ ਇੰਸਪੈਕਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇੱਕ ਵਿਅਕਤੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਜਨਸੂਆ ਦੀ ਜਿਸ ਫੈਕਟਰੀ ਵਿੱਚ ਮੁਦਈ ਦੀ ਲੜਕੀ ਕੰਮ ਕਰਦੀ ਸੀ।
ਉਸੇ ਫੈਕਟਰੀ ਵਿੱਚ ਪ੍ਰਲਾਦ ਕੁਮਾਰ ਪੁੱਤਰ ਰਾਮ ਲੱਡੂ ਵਾਸੀ ਰਾਮ ਦਿਲਵਾਲਾ ਮਾਨਸਾ ਹਾਲ ਵਾਸੀ ਤਰਪਾਲ ਫੈਕਟਰੀ ਜਨਸੂਆ ਵੀ ਕੰਮ ਕਰਦਾ ਹੈ। ਉਹ ਮਾਰਚ 2022 ਵਿੱਚ ਮੁਦਈ ਦੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਅਤੇ ਪ੍ਰਲਾਦ ਕੁਮਾਰ ਵੱਲੋਂ ਲੜਕੀ ਨੂੰ ਬਾਲਗ ਦਰਸਾਉਣ ਲਈ ਉਸ ਦੀ ਜਨਮ ਮਿਤੀ ਸਾਲ 2001 ਦਾ ਜਾਅਲੀ ਆਧਾਰ ਕਾਰਡ ਬਣਾ ਕੇ ਮੁਦਈ ਦੀ ਲੜਕੀ ਨਾਲ ਵਿਆਹ ਕਰਵਾ ਲਿਆ ਅਤੇ ਹਾਈ ਕੋਰਟ ਵਿਖੇ ਸੁਰਖਿਆ ਲੈਣ ਵਾਸਤੇ ਰਿਟ ਦਾਇਰ ਕਰ ਦਿੱਤੀ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਥਾਣਾ ਸਦਰ ਵਿਖੇ ਪ੍ਰਲਾਦ ਕੁਮਾਰ ਖਿਲਾਫ ਧਾਰਾ 363, 366-ਏ, 420, 468 ਅਤੇ 471 ਆਈ.ਪੀ.ਸੀ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।