ਘਨੌਰ: ਥਾਣਾ ਖੇੜੀ ਗੰਡਿਆਂ ਦੀ ਪੁਲੀਸ ਨੇ ਪਿੰਡ ਨਰੜੂ ਦੀ ਸ਼ਾਮਲਾਤ ਜ਼ਮੀਨ ਵਿੱਚੋਂ ਦਰੱਖ਼ਤ ਵੱਢਣ ਦੇ ਦੋਸ਼ ਹੇਠ ਪਰਿਵਾਰ ਦੇ ਤਿੰਨ ਜੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਖੇੜੀ ਗੰਡਿਆਂ ਦੇ ਮੁਖੀ ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਰਾਜਸਤਿੰਦਰ ਸਿੰਘ ਵਾਸੀ ਪਿੰਡ ਨਰੜੂ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਕ੍ਰਿਪਾਲ ਕੌਰ, ਹਰਵਿੰਦਰ ਸਿੰਘ ਅਤੇ ਮਨਿੰਦਰ ਸਿੰਘ ਨੇ ਪਿੰਡ ਦੀ ਸ਼ਾਮਲਾਤ ਜ਼ਮੀਨ ਦੇ ਖਸਰਾ ਨੰਬਰ 480 ਵਿੱਚ ਖੜ੍ਹੇ ਦਰੱਖਤ ਵੱਢ ਲਏ ਅਤੇ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। -ਪੱਤਰ ਪ੍ਰੇਰਕ