ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 17 ਅਗਸਤ
ਇੱਥੋਂ ਦੇ ਮਿੰਨੀ ਸਕੱਤਰੇਤ ਵਿਖੇ ਪਿੰਡ ਹਰਪਾਲਪੁਰ ਵਾਸੀ ਕਿਸਾਨ ਨਾਲ ਵੱਖ ਵੱਖ ਬੈਂਕਾਂ ਤੋਂ ਲੱਖਾਂ ਰੁਪਏ ਦਾ ਕਰਜ਼ਾ ਦਿਆਉਣ ਦੀ ਆੜ ਹੇਠ ਕੀਤੀ ਗਈ ਧੋਖਾਧੜੀ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਸਮਾਜ ਸੇਵੀ ਭਗਵਾਨ ਸਿੰਘ ਖਾਲਸਾ ਹਰਪਾਲਪੁਰ, ਬੀ.ਕੇ.ਯੂ ਦੇ ਜ਼ਿਲ੍ਹਾ ਆਗੁੂ ਹਰਜੀਤ ਸਿੰਘ ਟਹਿਲਪੁਰਾ, ਮਨੀ ਸਿੰਘ ਚੱਕ, ਗੁਰਦੇਵ ਸਿੰਘ ਜੰਡੌਲੀ ਅਤੇ ਦਰਸ਼ਨ ਸਿੰਘ ਦੀ ਅਗਵਾਈ ਵਿੱਚ ਕਿਸਾਨਾਂ ਵੱਲੋੋਂ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਧਰਨਾਕਾਰੀਆਂ ਨੇ ਦੋਸ਼ ਲਗਾਇਆ ਕਿ ਕੁਝ ਬੈਂਕ, ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਹੋਰਨਾਂ ਵਿਅਕਤੀਆਂ ਵੱਲੋਂ ਆਪਸੀ ਮਿਲੀਭੁਗਤ ਕਰਕੇ ਪਿੰਡ ਹਰਪਾਲਪੁਰ ਵਾਸੀ ਕਿਸਾਨ ਮਨਜੀਤ ਸਿੰਘ ਨਾਲ ਵੱਖ ਵੱਖ ਬੈਂਕਾਂ ਤੋਂ ਕਰਜ਼ਾ ਦੁਆਉਣ ਦੀ ਆੜ ਹੇਠ ਕਥਿਤ ਤੌਰ ’ਤੇ ਕਰੀਬ 70 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਜਦੋਂ ਕਿ ਉਕਤ ਕਿਸਾਨ ਵੱਲੋਂ ਆਪਣੇ ਤੌਰ ’ਤੇ ਕਿਸੇ ਵੀ ਬੈਂਕ ਤੋਂ ਕੋਈ ਕਰਜ਼ਾ ਨਹੀਂ ਲਿਆ ਗਿਆ। ਧਰਨਾਕਾਰੀਆਂ ਦਾ ਕਹਿਣਾ ਸੀ ਕਿ ਹਰਪਾਲਪੁਰ ਵਾਸੀ ਕਿਸਾਨ ਮਨਜੀਤ ਸਿੰਘ ਜਿਹੜਾ ਕਿ ਕਰੀਬ 5 ਕਿੱਲੇ ਜ਼ਮੀਨ ਦਾ ਮਾਲਕ ਹੈ। ਉਸ ਦੀ ਅਨਪੜ੍ਹਤਾ ਦਾ ਲਾਭ ਲੈਂਦੇ ਹੋਏ, ਉਸ ਨਾਲ ਇਹ ਧੋਖਾਧੜੀ ਕੀਤੀ ਗਈ ਹੈ। ਜਦੋਂ ਕਿ ਵੱਖ ਵੱਖ ਬੈਂਕਾਂ ਤੋਂ ਇਸ ਕਿਸਾਨ ਨੂੰ ਜਿਹੜੇ ਕਰਜ਼ੇ ਦੀ ਅਦਾਇਗੀ ਦਰਸਾਈ ਗਈ ਹੈ, ਉਹ ਉਸ ਨੂੰ ਮਿਲਿਆ ਹੀ ਨਹੀਂ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਕਿਸਾਨ ਮਨਜੀਤ ਸਿੰਘ ਨਾਲ ਧੋਖਾਧੜੀ ਕਰਨ ਵਾਲੇ ਲੋਕਾਂ ਖਿਲਾਫ ਕਾਨੂੰਨ ਮੁਤਾਬਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਇਸ ਕਿਸਾਨ ਨੂੰ ਇਨਸਾਫ ਮਿਲ ਸਕੇ। ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਵੱਲੋਂ ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਨਾ ਕਰਵਾਈ ਗਈ ਤਾਂ ਭਾਰਤੀ ਕਿਸਾਨ ਯੁੂਨੀਅਨ ਏਕਤਾ (ਸਿੱਧੂਪੁਰ) ਕਿਸਾਨਾਂ ਨੂੰ ਲਾਮਬੰਦ ਕਰਕੇ ਆਪਣਾ ਸੰਘਰਸ਼ ਹੋਰ ਤੇਜ਼ ਕਰੇਗੀ।